ਪੰਜਾਬੀਆਂ ਦੇ ਮਨਾਂ ‘ਤੇ ਧਰਮਿੰਦਰ ਵਰਗੀ ਛਾਪ ਛੱਡ ਗਏ ਜਸਟਿਨ ਟਰੂਡੋ
ਟੋਰਾਂਟੋ – ਪ੍ਰਧਾਨ ਮੰਤਰੀ ਜਸਟਿਨ ਟਰੂਡੋ ਆਪਣੇ ਲਗਭਗ ਸਾਢੇ ਨੌ ਸਾਲ ਦੇ ਕਾਰਜਕਾਲ ਤੋਂ ਬਾਅਦ ਅੱਜ ਜਦੋਂ ਕੈਨੇਡੀਅਨ ਲੋਕਾਂ ਨੂੰ ਅਲਵਿਦਾ ਕਹਿ ਰਹੇ ਹਨ ਤਾਂ ਬਹੁਤ ਸਾਰੇ ਮਾਨਵਤਾਵਾਦੀ ਅਤੇ ਨਿਆਂਪੂਰਵਕ ਕਾਰਜਾਂ ਦੀ ਅਮਿੱਟ ਛਾਪ ਕੈਨੇਡੀਅਨ ਲੋਕਾਂ ਦੇ ਮਨਾਂ ‘ਤੇ ਛੱਡ ਕਿ ਜਾ ਰਹੇ ਹਨ ਜਿਹਨਾਂ ਲਈ ਕੈਨੇਡੀਅਨ ਇਤਿਹਾਸ ‘ਚ ਹਮੇਸ਼ਾ ਉਨ੍ਹਾਂ ਨੂੰ ਯਾਦ ਰੱਖਿਆ ਜਾਵੇਗਾ ।
ਜੇ ਆਂਦਰਾਂ ਦੀ ਭੁੱਖ ਤੋਂ ਆਪਣੀ ਸੋਚ ਨੂੰ ਥੋੜਾ ਜਿਹਾ ਉਪਰ ਚੁੱਕ ਕਿ ਸੋਚੀਏ ਤਾਂ ਕੈਨੇਡੀਅਨ ਇਤਿਹਾਸ ‘ਚ ਜਸਟਿਨ ਟਰੂਡੋ ਅਜਿਹੇ ਨਾ-ਭੁੱਲਣਯੋਗ ਆਗੂ ਹੋਣਗੇ ਜਿਨ੍ਹਾਂ ਨੇ ਕੈਨੇਡੀਅਨ ਚਾਰਟਰ ਦੀ ਰੌਸ਼ਨੀ ‘ਚ ਕਈ ਮਾਨਵੀ ਕਾਰਜਾਂ ਨੂੰ ਆਪਣੀ
ਪਹਿਲ ਬਣਾਇਆ। ਵੱਖ ਵੱਖ ਦੇਸ਼ਾਂ ‘ਚ (ਅਫਗਾਨਿਸਤਾਨ, ਯੂਕਰੇਨ, ) ਮਾੜੇ ਹਾਲਾਤਾਂ ਨਾਲ ਜੂਝ ਰਹੇ ਹਜ਼ਾਰਾਂ ਲੋਕਾਂ ਨੂੰ ਕੈਨੇਡੀਅਨ ਖਰਚੇ ‘ਤੇ ਪਰਿਵਾਰਾਂ ਸਮੇਤ ਸ਼ਰਨ ਦੇਣਾ, ਵੱਡੀ ਗਿਣਤੀ ‘ਚ ਪ੍ਰਵਾਸੀਆਂ ਨੂੰ ਕੈਨੇਡਾ ਦੀ ਧਰਤੀ ‘ਤੇ ਵੱਸਣ ਦਾ ਮੌਕਾ ਪ੍ਰਦਾਨ ਕਰਨਾ, ਕੈਨੇਡਾ ਭਰ ‘ਚ ਚਾਈਲਡ ਕੇਅਰ ਯੋਜਨਾਂ ਨੂੰ ਯੂਨੀਵਰਸਲ ਯੋਜਨਾਂ ਵਜੋਂ ਅਪਨਾਉਣਾ , ਕਰੋਨਾਂ ਦੌਰਾਨ ਦੁਨੀਆਂ ਭਰ ‘ਚੋਂ ਵਧੇਰੇ ਦੇਸ਼ਾਂ ਨਾਲੋਂ ਆਪਣੇ ਦੇਸ਼ ਦੇ ਕਾਰੋਬਾਰੀਆਂ ਅਤੇ ਅਤੇ ਲੋਕਾਂ ਨੂੰ ਆਰਥਿਕ ਸਮਰਥਨ ਦੇਣਾ , ਘਰਾਂ ਦੀ ਉਸਾਰੀ ਲਈ ਪੁਖਤਾ ਤਰੀਕੇ ਨਾਲ ਫੰਡਾਂ ਦੀ ਵੰਡ ਕਰਨੀ , ਮੂਲ ਨਿਵਾਸੀਆਂ ਦੀ ਚਿਰੋਕਣੀਆਂ ਮੰਗਾਂ ਨੂੰ ਪੂਰਾ ਕਰਨਾ , ਕੈਨੇਡੀਅਨ ਨਾਗਰਿਕਾਂ ਦੀ ਰੱਖਿਆ ਅਤੇ ਮਾਨ-ਸਨਮਾਨ ਲਈ ਬੇਬਾਕੀ ਲਈ ਸਟੈਂਡ ਲੈਣਾ, ਆਦਿ ਅਜਿਹੇ ਕਾਰਜ ਹਨ , ਜਿਨਾਂ ਲਈ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਅਣਥੱਕ ਮਿਹਨਤ ਕੀਤੀ ਹੈ ।
ਪਰ ਦੂਜੇ ਪਾਸੇ ਕੁਝ ਕੁ ਤਜ਼ਰਬੇ ਦੀ ਘਾਟ ਰੜਕਦੀ ਰਹੀ ਕਿ ਇਮੀਗਰੇਸ਼ਨ ਨੀਤੀਆਂ ਦੀ ਮਾੜੇ ਲੋਕਾਂ ਵੱਲੋਂ ਦੁਰਵਰਤੋਂ , ਅਪਰਾਧੀ ਲੋਕਾਂ ਦੀ ਕੈਨੇਡਾ ‘ਚ ਘੁਸਪੈਠ, ਕਰੋਨਾਂ ਦੌਰਾਨ ਵੰਡੇ ਫੰਡਾਂ ਦੀ ਕਈ ਮਾੜੇ ਅਨਸਰਾਂ ਵੱਲੋਂ ਦੁਰਵਰਤੋਂ ਨੂੰ ਰੋਕ ਨਾ ਪਾਉਣਾ ਆਦਿ ਅਜਿਹੇ ਮਸਲੇ ਸਨ , ਜਿਨਾਂ ‘ਚ ਪ੍ਰਧਾਨ ਮੰਤਰੀ ਸਮੇਂ ਢੁੱਕਵੇਂ ਕਦਮ ਉਠਾਉਣ ਤੋਂ ਖੁੰਝ ਗਏ।
ਕਰੋਨਾਂ ਤੋਂ ਬਾਅਦ ਅਰਥ ਵਿਵਸਥਾ ‘ਚ ਆਈ ਖੜੋਤ ਅਤੇ ਵਿਸ਼ਵ ਮੰਦੀ ਦਾ ਅਸਰ ਕੈਨੇਡੀਅਨ ਅਰਥ ਵਿਵਸਥਾ ‘ਤੇ ਪੈਣਾ ਸੁਭਾਵਿਕ ਹੀ ਸੀ , ਜਿਸ ਦੌਰਾਨ ਵਧੀ ਮਹਿੰਗਾਈ ਅਤੇ ਵਿਆਜ ਦਰਾਂ ਕਾਰਨ ਆਮ ਲੋਕਾਂ ਦੇ ਗੁੱਸੇ ਦਾ ਸ਼ਿਕਾਰ ਹੋਏ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਬਹੁਤ ਸਹਿਜ ਨਾਲ ਆਪਣੀ ਤਿੱਖੀ ਅਲੋਚਨਾ ਦਾ ਸਾਹਮਣਾ ਕੀਤਾ ।
ਪਰ ਜਸਟਿਨ ਟਰੂਡੋ ਆਪਣੀ ਮਿਲਣ ਸਾਰਤਾ ਅਤੇ ਹਾਂਪੱਖੀ ਨਜ਼ਰੀਏ ਨਾਲ ਮੀਡੀਆ ਅਤੇ ਆਮ ਲੋਕਾਂ ‘ਚ ਆਪਣੀ ਗੱਲ ਰੱਖਣ ‘ਚ ਕਾਮਯਾਬ ਰਹੇ । ਆਪਣੇ ਕਾਰਜਕਾਲ ਦੇ ਅਖੀਰਲੇ ਦਿਨਾਂ ‘ਚ ਗੁਆਂਢੀ ਮੁਲਕ ਵੱਲੋਂ ਛੇੜੀ ਗਈ ਅਣਕਿਆਸੀ ਵਪਾਰਕ ਜੰਗ ‘ਚ ਬਿਹਤਰ ਤਰੀਕੇ ਨਾਲ ਅੰਤਰਰਾਸ਼ਟਰੀ ਮੰਚਾਂ ‘ਤੇ ਕੈਨੇਡਾ ਦੀ ਪ੍ਰਤੀਨਿਧਤਾ ਕੀਤੀ ਹੈ ਅਤੇ ਗੁਆਂਢੀ ਮੁਲਖ ਦੇ ਅਨਾੜੀ ਆਗੂ ਨਾਲ
ਆਰਥਿਕ ਪੱਖੋਂ ਲੋਕਾਂ ਦਾ ਨਾਂਹ-ਪੱਖੀ ਨਜ਼ਰੀਆ ਹੋਣ ਦੇ ਬਾਵਜੂਦ ਅੱਜ ਤੱਥਾਂ ਸਹਿਤ ਗੱਲ ਕੀਤੀ ਹੈ ।
ਅੱਜ ਉਹਨਾਂ ਨੇ ਆਪਣੇ ਰੁਖ਼ਸਤ ਸੰਬੋਧਨ ਦੌਰਾਨ ਵੀ ਕਿਹਾ ਹੈ ਕਿ ਉਹਨਾਂ ਨੇ ਕੈਨੇਡੀਅਨ ਲੋਕਾਂ ਸੰਬੋਧਨ ਕਰਦਿਆਂ ਕਿਹਾ ” ਕੈਨੇਡ ਦੇ ਮਾਨ-ਸਨਮਾਨ , ਲੋਕਤੰਤਰ, ਅਜ਼ਾਦੀ ਨੂੰ ਉਹਨਾਂ ਨੇ ਕਾਇਮ ਰੱਖਿਆ ਹੈ , ਇਹ ਸਭ ਕਾਰਜ ਸੌਖੇ ਨਹੀਂ ਹਨ, ਭਵਿੱਖ ‘ਚ ਇਹਨਾਂ ਕਾਰਜਾਂ ਲਈ ਸਖਤ ਮਿਹਨਤ ਕਰਨੀ ਹੋਵੇਗੀ , ਜਿਸ ਲਈ ਹੌਂਸਲਾ , ਤਿਆਗ ਦੀ ਭਾਵਨਾ , ਉਮੀਦ ਅਤੇ ਮਿਹਨਤ ਦੀ ਲੋੜ ਹੋਵੇਗੀ ”
ਕੈਨੇਡੀਅਨ ਲੋਕਾਂ ਦੇ ਮਨਾਂ ‘ਚ ਜਸਟਿਨ ਟਰੂਡੋ ਨੂੰ ਅਲਵਿਦਾ ਕਹਿੰਦਿਆਂ ਉਨ੍ਹਾਂ ਦੇ ਮਨਾਂ ‘ਚ ਅਜੀਬ ਤਰਾਂ ਦਾ ਮਲਾਲ ਜਰੂਰ ਹੈ ।
(ਗੁਰਮੁੱਖ ਸਿੰਘ ਬਾਰੀਆ)