ਦੁਬਈ, 15 ਅਕਤੂਬਰ
ਮਹਿੰਦਰ ਸਿੰਘ ਧੋਨੀ ਨੇ ਚੇਨੱਈ ਸੁਪਰ ਕਿੰਗਜ਼ ਵੱਲੋਂ ਇੰਡੀਅਨ ਪ੍ਰੀਮੀਅਰ ਲੀਗ ਫਾਈਨਲ ਵਿਚ ਅੱਜ ਇੱਥੇ ਕੋਲਕਾਤਾ ਨਾਈਟ ਰਾਈਡਰਜ਼ ਖ਼ਿਲਾਫ਼ ਟੌਸ ਲਈ ਉਤਰਦੇ ਹੀ ਇਕ ਵਿਸ਼ੇਸ਼ ਰਿਕਾਰਡ ਆਪਣੇ ਨਾਂ ਕਰ ਲਿਆ। ਉਹ ਕ੍ਰਿਕਟ ਦੇ ਸਭ ਤੋਂ ਛੋਟੇ ਰੂਪ ਟੀ20 ਵਿਚ 300 ਮੈਚਾਂ ਵਿਚ ਕਪਤਾਨੀ ਕਰਨ ਵਾਲਾ ਦੁਨੀਆਂ ਦਾ ਪਹਿਲਾ ਖਿਡਾਰੀ ਬਣ ਗਿਆ ਹੈ। ਧੋਨੀ ਨੇ 2006 ਵਿਚ ਟੀ20 ਵਿਚ ਸ਼ੁਰੂਆਤ ਕੀਤੀ ਅਤੇ 2007 ਤੋਂ ਉਹ ਭਾਰਤ ਤੇ ਆਈਪੀਐੱਲ ਵਿਚ ਕਪਤਾਨੀ ਦੀ ਜ਼ਿੰਮੇਵਾਰੀ ਸੰਭਾਲ ਰਿਹਾ ਹੈ। ਉਸ ਨੇ ਆਈਪੀਐੱਲ ਫਾਈਨਲ ਤੋਂ ਪਹਿਲਾਂ ਜਿਨ੍ਹਾਂ 299 ਮੈਚਾਂ ਵਿਚ ਕਪਤਾਨੀ ਕੀਤੀ ਉਨ੍ਹਾਂ ਵਿੱਚੋਂ ਉਸ ਨੇ 176 ਮੈਚਾਂ ਵਿਚ ਜਿੱਤ ਦਰਜ ਕੀਤੀ ਜਦਕਿ 118 ਮੈਚਾਂ ਵਿਚ ਉਸ ਨੂੰ ਹਾਰ ਮਿਲੀ। ਦੋ ਮੈਚ ਟਾਈ ਰਹੇ ਅਤੇ ਤਿੰਨ ਮੈਚਾਂ ਦੇ ਨਤੀਜੇ ਨਹੀਂ ਨਿਕਲੇ। ਭਾਰਤ ਨੇ ਧੋਨੀ ਦੀ ਅਗਵਾਈ ਵਿਚ ਹੀ 2007 ’ਚ ਪਹਿਲੇ ਟੀ20 ਵਿਸ਼ਵ ਕੱਪ ਦਾ ਖ਼ਿਤਾਬ ਜਿੱਤਿਆ ਸੀ। ਉਸ ਦੀ ਕਪਤਾਨੀ ਵਿਚ ਭਾਰਤ ਨੇ ਟੀ20 ਕੌਮਾਂਤਰੀ ਵਿਚ ਕੁੱਲ 72 ਮੈਚ ਖੇਡੇ ਜਿਨ੍ਹਾਂ ਵਿੱਚੋਂ 41 ਵਿਚ ਉਸ ਨੂੰ ਜਿੱਤ ਤੇ 28 ’ਚ ਹਾਰ ਮਿਲੀ। ਇਕ ਮੈਚ ਟਾਈ ਰਿਹਾ ਜਦਕਿ ਦੋ ਮੈਚਾਂ ਦੇ ਨਤੀਜੇ ਨਹੀਂ ਨਿਕਲ। ਧੋਨੀ ਤੋਂ ਬਾਅਦ ਸਭ ਤੋਂ ਵੱਧ ਟੀ20 ਮੈਚਾਂ ਵਿਚ ਕਪਤਾਨੀ ਕਰਨ ਵਾਲੇ ਖਿਡਾਰੀਆਂ ਵਿਚ ਡੈਰੇਨ ਸੈਮੀ (208), ਵਿਰਾਟ ਕੋਹਲੀ (185), ਗੌਤਮ ਗੰਭੀਰ (170) ਅਤੇ ਰੋਹਿਤ ਸ਼ਰਮਾ (153) ਸ਼ਾਮਲ ਹਨ।