ਨਵੀਂ ਦਿੱਲੀ, 28 ਨਵੰਬਰ
ਸਲਾਮੀ ਬੱਲੇਬਾਜ਼ ਸ਼ਿਖਰ ਧਵਨ ਗੋਡੇ ਦੀ ਸੱਟ ਕਾਰਨ ਵੈਸਟ ਇੰਡੀਜ਼ ਖ਼ਿਲਾਫ਼ ਟੀ-20 ਲੜੀ ’ਚੋਂ ਬਾਹਰ ਹੋ ਗਿਆ ਹੈ, ਜਿਸ ਦੀ ਥਾਂ ਸੰਜੂ ਸੈਮਸਨ ਨੂੰ ਮੌਕਾ ਦਿੱਤਾ ਗਿਆ। ਮਹਾਰਾਸ਼ਟਰ ਖ਼ਿਲਾਫ਼ ਸੱਯਦ ਮੁਸ਼ਤਾਕ ਅਲੀ ਟਰਾਫ਼ੀ ਦੇ ਮੈਚ ਦੌਰਾਨ ਸੂਰਤ ਵਿੱਚ ਧਵਨ ਦੇ ਖੱਬੇ ਗੋਡੇ ’ਤੇ ਸੱਟ ਲੱਗ ਗਈ ਸੀ।
ਬੀਸੀਸੀਆਈ ਨੇ ਬਿਆਨ ਵਿੱਚ ਕਿਹਾ, “ਬੀਸੀਸੀਆਈ ਦੀ ਮੈਡੀਕਲ ਟੀਮ ਨੇ ਮੰਗਲਵਾਰ ਨੂੰ ਉਸ ਦੀ ਸੱਟ ਦੀ ਜਾਂਚ ਕੀਤੀ। ਉਸਨੂੰ ਕੁਝ ਸਮਾਂ ਹੋਰ ਆਰਾਮ ਦੇਣ ਦੀ ਸਲਾਹ ਦਿੱਤੀ ਗਈ ਹੈ ਤਾਂ ਕਿ ਉਸ ਦੀ ਸੱਟ ਪੂਰੀ ਤਰ੍ਹਾਂ ਠੀਕ ਹੋ ਸਕੇ।” ਇਸ ਵਿੱਚ ਕਿਹਾ ਗਿਆ, ‘‘ਸਰਬ ਭਾਰਤੀ ਸੀਨੀਅਰ ਚੋਣ ਕਮੇਟੀ ਨੇ ਉਸ ਦੀ ਥਾਂ ਸੰਜੂ ਸੈਮਸਨ ਨੂੰ ਟੀਮ ਵਿੱਚ ਸ਼ਾਮਲ ਕੀਤਾ ਹੈ।” ਵੈਸਟ ਇੰਡੀਜ਼ ਖ਼ਿਲਾਫ਼ ਪਹਿਲਾ ਟੀ-20 ਮੈਚ 6 ਦਸੰਬਰ ਨੂੰ ਹੈਦਰਾਬਾਦ ਵਿੱਚ ਖੇਡਿਆ ਜਾਵੇਗਾ। ਬਾਕੀ ਦੋ ਮੈਚ ਤਿਰੂਵਨੰਤਪੁਰਮ (8 ਦਸੰਬਰ) ਅਤੇ ਮੁੰਬਈ (11 ਦਸੰਬਰ) ਵਿੱਚ ਖੇਡੇ ਜਾਣਗੇ। ਕੇਰਲ ਦੇ ਸੈਮਸਨ ਨੂੰ ਬੰਗਲਾਦੇਸ਼ ਖ਼ਿਲਾਫ਼ ਘਰੇਲੂ ਲੜੀ ਲਈ ਟੀਮ ਵਿੱਚ ਰੱਖਿਆ ਸੀ, ਪਰ ਕੋਈ ਮੈਚ ਖਿਡਾਏ ਬਿਨਾਂ ਬਾਹਰ ਕਰ ਦਿੱਤਾ ਗਿਆ ਸੀ। ਇਸ ਫ਼ੈਸਲੇ ਦੀ ਕਾਫ਼ੀ ਆਲੋਚਨਾ ਹੋਈ ਸੀ ਅਤੇ ਸਾਬਕਾ ਖਿਡਾਰੀਆਂ ਨੇ ਇਸ ’ਤੇ ਸਵਾਲ ਉਠਾਏ ਸਨ। 33 ਸਾਲਾ ਧਵਨ ਇੱਕ ਰੋਜ਼ਾ ਲੜੀ ਤੋਂ ਪਹਿਲਾਂ ਫਿੱਟ ਹੋ ਸਕਦਾ ਹੈ। ਖ਼ਰਾਬ ਕਾਰਗੁਜ਼ਾਰੀ ਕਾਰਨ ਉਹ ਕਾਫ਼ੀ ਦਬਾਅ ਵਿੱਚ ਵੀ ਹੈ।
ਵੈਸਟ ਇੰਡੀਜ਼ ਖ਼ਿਲਾਫ਼ ਇੱਕ ਰੋਜ਼ਾ ਲੜੀ 15 ਦਸੰਬਰ ਤੋਂ ਸ਼ੁਰੂ ਹੋਵੇਗੀ। ਬੰਗਲਾਦੇਸ਼ ਖ਼ਿਲਾਫ਼ ਤਿੰਨ ਮੈਚਾਂ ਦੌਰਾਨ ਧਵਨ ਸਿਰਫ਼ 91 ਦੌੜਾਂ ਹੀ ਬਣਾ ਸਕਿਆ। ਉਹ ਸੱਯਦ ਮੁਸ਼ਤਾਕ ਅਲੀ ਟਰਾਫ਼ੀ ਵਿੱਚ ਵੀ ਕੁਝ ਖਾਸ ਨਹੀਂ ਕਰ ਸਕਿਆ। ਇਸ ਦੌਰਾਨ ਬੀਸੀਸੀਆਈ ਨੇ ਕਿਹਾ ਕਿ ਟੈਸਟ ਵਿਕਟਕੀਪਰ ਰਿਧੀਮਾਨ ਸਾਹਾ ਦੇ ਸੱਜੇ ਹੱਥ ਦੀ ਉਂਗਲ ਦਾ ਆਪ੍ਰੇਸ਼ਨ ਹੋਇਆ ਹੈ। ਬੰਗਲਾਦੇਸ਼ ਖ਼ਿਲਾਫ਼ ਦਿਨ-ਰਾਤ ਟੈਸਟ ਦੌਰਾਨ ਸਾਹਾ ਦੀ ਉਂਗਲ ਵਿੱਚ ਫਰੈਕਚਰ ਹੋਇਆ ਸੀ। ਬੋਰਡ ਨੇ ਕਿਹਾ, “ਬੀਸੀਸੀਆਈ ਦੀ ਮੈਡੀਕਲ ਟੀਮ ਨੇ ਹੱਥ ਅਤੇ ਗੁੱਟ ਦੇ ਮਾਹਿਰ ਤੋਂ ਸਲਾਹ ਲਈ ਸੀ। ਉਸ ਨੂੰ ਆਪ੍ਰੇਸ਼ਨ ਦੀ ਸਲਾਹ ਦਿੱਤੀ ਗਈ ਸੀ। ਮੁੰਬਈ ਵਿੱਚ ਮੰਗਲਵਾਰ ਨੂੰ ਉਸ ਦਾ ਸਫਲ ਆਪ੍ਰੇਸ਼ਨ ਹੋਇਆ। ਹੁਣ ਉਸ ਦੀ ਬੰਗਲੌਰ ’ਚ ਨੈਸ਼ਨਲ ਕ੍ਰਿਕਟ ਅਕੈਡਮੀ ਵਿਚ ਦੇਖਰੇਖ ਕੀਤੀ ਜਾਵੇਗੀ।”
ਭਾਰਤੀ ਟੀ-20 ਟੀਮ: ਵਿਰਾਟ ਕੋਹਲੀ (ਕਪਤਾਨ), ਰੋਹਿਤ ਸ਼ਰਮਾ, ਕੇਐੱਲ ਰਾਹੁਲ, ਸ਼੍ਰੇਅਸ ਅਈਅਰ, ਮਨੀਸ਼ ਪਾਂਡੇ, ਰਿਸ਼ਭ ਪੰਤ, ਸ਼ਿਵਮ ਦੂਬੇ, ਵਾਸ਼ਿੰਗਟਨ ਸੁੰਦਰ, ਰਵਿੰਦਰ ਜਡੇਜਾ, ਯੁਜ਼ਵੇਂਦਰ ਚਾਹਲ, ਕੁਲਦੀਪ ਯਾਦਵ, ਦੀਪਕ ਚਾਹਰ, ਮੁਹੰਮਦ ਸ਼ਮੀ, ਭੁਵਨੇਸ਼ਵਰ ਕੁਮਾਰ, ਸੰਜੂ ਸੈਮਸਨ।