ਨਾਟਿੰਘਮ, 12 ਜੂਨ
ਲੈਅ ਵਿੱਚ ਚੱਲ ਰਹੇ ਭਾਰਤ ਦੇ ਸਲਾਮੀ ਬੱਲੇਬਾਜ਼ ਸ਼ਿਖਰ ਧਵਨ ਦੇ ਖੱਬੇ ਹੱਥ ਵਿੱਚ ਮਾਮੂਲੀ ਜਿਹਾ ਫਰੈਕਚਰ ਆਇਆ, ਜਿਸ ਕਾਰਨ ਉਹ ਅੱਜ ਆਈਸੀਸੀ ਵਿਸ਼ਵ ਕੱਪ ਦੇ ਘੱਟ ਤੋਂ ਘੱਟ ਦੋ ਮੈਚਾਂ ਵਿੱਚੋਂ ਬਾਹਰ ਹੋ ਗਿਆ। ਨਿਊਜ਼ੀਲੈਂਡ ਖ਼ਿਲਾਫ਼ ਭਾਰਤ ਦੇ ਤੀਜੇ ਮੈਚ ਤੋਂ ਪਹਿਲਾਂ ਇਹ ਟੀਮ ਲਈ ਝਟਕਾ ਹੈ, ਪਰ ਚੰਗੀ ਖ਼ਬਰ ਇਹ ਹੈ ਕਿ ਉਸ ਦੇ ਸੱਟ ਤੋਂ ਉਭਰਨ ਦੀ ਸੰਭਾਵਨਾ ਹੈ। ਇਸ ਲਈ ਟੀਮ ਪ੍ਰਬੰਧਨ ਨੇ ਉਸ ਦੇ ਬਦਲਵੇਂ ਖਿਡਾਰੀ ਦੀ ਮੰਗ ਨਹੀਂ ਕੀਤੀ।
ਭਾਰਤੀ ਟੀਮ ਦੇ ਮੀਡੀਆ ਮੈਨੇਜਰ ਮੌਲਿਨ ਪਾਰਿਖ ਨੇ ਅਧਿਕਾਰਤ ਵ੍ਹਟਸਐਪ ਗਰੁੱਪ ’ਤੇ ਲਿਖਿਆ, ‘‘ਟੀਮ ਇੰਡੀਆ ਦਾ ਸਲਾਮੀ ਬੱਲੇਬਾਜ਼ ਸ਼ਿਖਰ ਧਵਨ ਹਾਲੇ ਬੀਸੀਸੀਆਈ ਦੀ ਮੈਡੀਕਲ ਟੀਮ ਦੀ ਨਿਗਰਾਨੀ ਵਿੱਚ ਹੈ। ਟੀਮ ਪ੍ਰਬੰਧਨ ਨੇ ਫ਼ੈਸਲਾ ਕੀਤਾ ਹੈ ਕਿ ਧਵਨ ਇੰਗਲੈਂਡ ਵਿੱਚ ਹੀ ਰਹੇਗਾ ਅਤੇ ਉਸ ਸੱਟ ’ਤੇ ਨਜ਼ਰ ਰੱਖੀ ਜਾਵੇਗੀ।’’
ਸ਼ੁਰੂ ਵਿੱਚ ਪਤਾ ਚੱਲਿਆ ਸੀ ਕਿ ਧਵਨ ਦੇ ਅੰਗੂਠੇ ਵਿੱਚ ਫਰੈਕਚਰ ਹੈ, ਪਰ ਸਾਫ਼ ਕੀਤਾ ਗਿਆ ਕਿ ਸੱਟ ਉਸ ਦੇ ਹੱਥ ਦੇ ਪਿਛਲੇ ਹਿੱਸੇ ’ਤੇ ਲੱਗੀ ਹੈ। ਮੀਡੀਆ ਮੈਨੇਜਰ ਨੇ ਕਿਹਾ, ‘‘ਧਵਨ ਨੂੰ ਖੱਬੇ ਹੱਥ ਦੇ ਵਿਚਕਾਰਲੇ ਹਿੱਸੇ ਵਿੱਚ ਆਸਟਰੇਲੀਆ ਖ਼ਿਲਾਫ਼ ਵਿਸ਼ਵ ਕੱਪ 2019 ਦੇ ਲੀਗ ਮੈਚ ਦੌਰਾਨ ਸੱਟ ਲੱਗੀ ਸੀ।’’ ਖੱਬੇ ਹੱਥ ਦਾ ਇਹ ਬੱਲੇਬਾਜ਼ ਅੱਜ ਮਾਹਿਰਾਂ ਦੀ ਸਲਾਹ ਲਈ ਫਿਜ਼ੀਓ ਪੈਟਰਿਕ ਫਰਹਾਰਟ ਨਾਲ ਲੀਡਜ਼ ਗਿਆ ਸੀ। ਧਵਨ ਵੀਰਵਾਰ ਨੂੰ ਨਿਊਜ਼ੀਲੈਂਡ ਅਤੇ ਐਤਵਾਰ ਨੂੰ ਪਾਕਿਸਤਾਨ ਖ਼ਿਲਾਫ਼ ਮੈਚ ਨਹੀਂ ਖੇਡ ਸਕੇਗਾ। ਇਹ ਵੇਖਣਾ ਹੋਵੇਗਾ ਕਿ ਉਹ 22 ਜੂਨ ਨੂੰ ਅਫ਼ਗਾਨਿਸਤਾਨ ਖ਼ਿਲਾਫ਼ ਹੋਣ ਵਾਲੇ ਮੈਚ ਲਈ ਫਿੱਟਨੈਸ ਹਾਸਲ ਕਰ ਪਾਉਂਦਾ ਹੈ ਜਾਂ ਨਹੀਂ। ਟੀਮ ਪ੍ਰਬੰਧਨ ਨੂੰ ਉਮੀਦ ਹੈ ਕਿ ਉਹ ਟੂਰਨਾਮੈਂਟ ਦੇ ਆਖ਼ਰੀ ਗੇੜ ਲਈ ਫਿੱਟ ਹੋ ਜਾਵੇਗਾ।
ਬਰਤਾਨੀਆ ਵਿੱਚ ਮੌਜੂਦ ਬੀਸੀਸੀਆਈ ਦੇ ਇੱਕ ਸੀਨੀਅਰ ਅਧਿਕਾਰੀ ਨੇ ਨਾਮ ਨਾ ਛਾਪਣ ਦੀ ਸ਼ਰਤ ’ਤੇ ਦੱਸਿਆ, ‘‘ਇਸ ਸਮੇਂ ਕੋਈ ਬਦਲ ਨਹੀਂ ਮੰਗਿਆ। ਟੀਮ ਪ੍ਰਬੰਧਨ ਦਾ ਮੰਨਣਾ ਹੈ ਕਿ ਸ਼ਿਖਰ ਧਵਨ ਮੈਚ ਜੇਤੂ ਹੈ ਅਤੇ ਉਸ ਨੂੰ ਫਿੱਟ ਹੋਣ ਲਈ ਸਾਰੇ ਮੌਕੇ ਮਿਲਣੇ ਚਾਹੀਦੇ ਹਨ। ਇੱਥੇ ਉਸ ਦਾ ਇਲਾਜ ਤੇਜ਼ੀ ਨਾਲ ਹੋ ਸਕਦਾ ਹੈ ਅਤੇ ਟੀਮ ਨੂੰ ਉਸ ਦੇ ਫਿੱਟ ਹੋਣ ਦੀ ਉਮੀਦ ਹੈ।’’ ਪਤਾ ਚੱਲਿਆ ਹੈ ਕਿ ਕਿਸੇ ਵੀ ਸਮੇਂ ਬਦਲ ਨਹੀਂ ਮੰਗਿਆ ਗਿਆ। ਰਿਸ਼ਭ ਪੰਤ ਅਤੇ ਸ਼੍ਰੇਅਸ ਦੇ ਨਾਮ ਦੀ ਚਰਚਾ ਬਦਲਵੇਂ ਖਿਡਾਰੀ ਵਜੋਂ ਹੈ, ਪਰ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਇਹ ਸਿਰਫ਼ ਮੀਡੀਆ ਦੇ ਅੰਦਾਜ਼ੇ ਹਨ।
ਪਾਕਿਸਤਾਨ ਖ਼ਿਲਾਫ਼ 16 ਜੂਨ ਨੂੰ ਹੋਣ ਵਾਲੇ ਮੁਕਾਬਲੇ ਮਗਰੋਂ ਭਾਰਤ ਨੇ ਆਪਣਾ ਅਗਲਾ ਮੈਚ ਅਫ਼ਗਾਨਿਸਤਾਨ ਖ਼ਿਲਾਫ਼ 22 ਜੂਨ ਨੂੰ ਖੇਡਣਾ ਹੈ ਅਤੇ ਅਜਿਹੇ ਵਿੱਚ ਧਵਨ ਕੋਲ ਉਭਰਨ ਲਈ ਘੱਟ ਤੋਂ ਘੱਟ 11 ਦਿਨ ਦਾ ਸਮਾਂ ਹੋਵੇਗਾ। ਧਵਨ ਜੇਕਰ ਅਫਗਾਨਿਸਤਾਨ ਖ਼ਿਲਾਫ਼ ਮੈਚ ਵਿੱਚ ਵੀ ਨਹੀਂ ਖੇਡਦਾ ਤਾਂ ਭਾਰਤ ਨੇ ਅਗਲਾ ਮੈਚ 27 ਜੂਨ ਨੂੰ ਮੈਨਚੈਸਟਰ ਵਿੱਚ ਵੈਸਟ ਇੰਡੀਜ਼ ਖ਼ਿਲਾਫ਼ ਖੇਡਣਾ, ਜਿਸ ਕਾਰਨ ਉਸ ਨੂੰ ਠੀਕ ਹੋਣ ਲਈ ਛੇ ਦਿਨ ਹੋਰ ਮਿਲ ਜਾਣਗੇ। ਅਜਿਹੇ ਸਮੇਂ ਟੀਮ ਪ੍ਰਬੰਧ ਜੋਖ਼ਮ ਲੈਣ ਬਾਰੇ ਸੋਚ ਰਿਹਾ ਹੈ ਤਾਂ ਕਿ ਉਹ ਟੀਮ ਦੇ ਆਖ਼ਰੀ ਦੋ ਜਾਂ ਤਿੰਨ ਮੈਚਾਂ ਲਈ ਫਿੱਟ ਹੋ ਜਾਵੇ। ਭਾਰਤ ਨੇ 30 ਜੂਨ ਨੂੰ ਇੰਗਲੈਂਡ, ਦੋ ਜੁਲਾਈ ਨੂੰ ਬੰਗਲਾਦੇਸ਼ ਅਤੇ ਛੇ ਜੁਲਾਈ ਨੂੰ ਸ੍ਰੀਲੰਕਾ ਖ਼ਿਲਾਫ਼ ਖੇਡਣਾ ਹੈ। ਟੀਮ ਦੇ ਸੈਮੀ-ਫਾਈਨਲ ਵਿੱਚ ਪਹੁੰਚਣ ਦੀ ਸੰਭਾਵਨਾ ਜ਼ਿਆਦਾ ਹੈ।
ਧਵਨ ਐਤਵਾਰ ਨੂੰ ਆਸਟਰੇਲੀਆ ਖ਼ਿਲਾਫ਼ 109 ਗੇਂਦਾਂ ’ਤੇ 117 ਦੌੜਾਂ ਦੀ ਪਾਰੀ ਖੇਡ ਕੇ ਭਾਰਤ ਦੀ ਜਿੱਤ ਦਾ ਨਾਇਕ ਬਣਿਆ ਸੀ। ਨਾਥਨ ਕੂਲਟਰ ਨਾਈਲ ਦੀ ਉਛਾਲ ਵਾਲੀ ਗੇਂਦ ਉਸ ਦੇ ਹੱਥ ਦੇ ਅੰਗੂਠੇ ’ਤੇ ਲੱਗੀ ਅਤੇ ਦਰਦ ਦੇ ਬਾਵਜੂਦ ਉਸ ਨੇ ਖੇਡਣਾ ਜਾਰੀ ਰੱਖਿਆ। ਧਵਨ ਸੱਟ ਕਾਰਨ ਆਸਟਰੇਲਿਆਈ ਪਾਰੀ ਦੌਰਾਨ ਮੈਦਾਨ ’ਤੇ ਨਹੀਂ ਉਤਰਿਆ ਅਤੇ ਉਸ ਦੀ ਥਾਂ ਰਵਿੰਦਰ ਜਡੇਜਾ ਨੇ ਫੀਲਡਿੰਗ ਕੀਤੀ। ਆਈਸੀਸੀ ਟੂਰਨਾਮੈਂਟ ਵਿੱਚ ਧਵਨ ਦੇ ਸ਼ਾਨਦਾਰ ਰਿਕਾਰਡ ਨੂੰ ਵੇਖਦਿਆਂ ਉਸ ਦੀ ਇਹ ਸੱਟ ਭਾਰਤ ਲਈ ਵੱਡਾ ਝਟਕਾ ਹੈ। ਧਵਨ ਨੇ ਵਿਸ਼ਵ ਕੱਪ ਦੇ ਦਸ ਮੈਚਾਂ ਵਿੱਚ 53.70 ਦੀ ਔਸਤ ਅਤੇ 94.21 ਦੇ ਸਟਰਾਈਕ ਰੇਟ ਨਾਲ 537 ਦੌੜਾਂ ਬਣਾਈਆਂ ਹਨ। ਭਾਰਤੀ ਟੀਮ ਕੋਲ ਕੇਐਲ ਰਾਹੁਲ ਵਜੋਂ ਮਾਹਿਰ ਸਲਾਮੀ ਬੱਲੇਬਾਜ਼ ਮੌਜੂਦ ਹੈ, ਜੋ ਰੋਹਿਤ ਸ਼ਰਮਾ ਨਾਲ ਪਾਰੀ ਦੀ ਸ਼ੁਰੂਆਤ ਕਰ ਸਕਦਾ ਹੈ। ਅਜਿਹੀ ਹਾਲਤ ਵਿੱਚ ਅਗਲੇ ਦੋ ਮੈਚਾਂ ਵਿੱਚ ਵਿਜੈ ਸ਼ੰਕਰ ਜਾਂ ਦਿਨੇਸ਼ ਕਾਰਤਿਕ ਨੂੰ ਮੱਧਕ੍ਰਮ ਵਿੱਚ ਮੌਕਾ ਮਿਲ ਸਕਦਾ ਹੈ।