ਵਿਦਿਆਰਥੀਆਂ ਨੂੰ ਮੁਫ਼ਤ ਦਿੱਤਾ ਜਾਵੇ ਰੀਅਪੀਅਰ ਪ੍ਰੀਖਿਆ ਦਾ ‘ਸੁਨਹਿਰੀ ਮੌਕਾ’

ਆਮ ਜੇਬਾਂ ਕੱਟਣ ਦੀ ਥਾਂ ਮਾਫ਼ੀਆ ਦੀ ਲੁੱਟ ਨੂੰ ਰੋਕੇ ਸਰਕਾਰ

ਚੰਡੀਗੜ੍ਹ, 23 ਅਗਸਤ 2019

ਆਮ ਆਦਮੀ ਪਾਰਟੀ (ਆਪ) ਦੇ ਸੀਨੀਅਰ ਆਗੂ ਅਤੇ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਮਾਰਚ 2004 ਅਤੇ ਉਸ ਤੋਂ ਬਾਅਦ ਦੇ ਵਿਦਿਆਰਥੀਆਂ ਨੂੰ ਰੀਅਪੀਅਰ ਪ੍ਰੀਖਿਆ ਲਈ ‘ਸੁਨਹਿਰੀ ਮੌਕੇ’ ਦਾ ਸਵਾਗਤ ਕਰਦੇ ਹੋਏ ਇਸ ਲਈ ਰੱਖੀ 15 ਹਜ਼ਾਰ ਰੁਪਏ ਫ਼ੀਸ ਨੂੰ ਅੰਨ੍ਹੀ ਲੁੱਟ ਕਰਾਰ ਦਿੱਤਾ।

‘ਆਪ’ ਹੈੱਡਕੁਆਟਰ ਵੱਲੋਂ ਜਾਰੀ ਬਿਆਨ ਰਾਹੀਂ ਕੁਲਤਾਰ ਸਿੰਘ ਸੰਧਵਾਂ ਨੇ ਦੋਸ਼ ਲਗਾਇਆ ਕਿ ਬਾਦਲ ਪਰਿਵਾਰ ‘ਤੇ ਧਰਮ ਨੂੰ ਵੇਚਣ ਦੇ ਗੰਭੀਰ ਦੋਸ਼ ਲੱਗਦੇ ਰਹੇ ਹਨ, ਪਰੰਤੂ ਕੈਪਟਨ ਅਮਰਿੰਦਰ ਸਿੰਘ ਸਰਕਾਰ ਨੇ ਤਾਂ ਬਾਦਲ ਵੀ ਪਿੱਛੇ ਛੱਡ ਦਿੱਤੇ ਹਨ। ਇੱਕ ਪਾਸੇ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਉਤਸਵ ਦੇ ਨਾਂ ‘ਸੁਨਹਿਰੀ ਮੌਕਾ’ ਦੇ ਰਹੇ ਹਨ, ਦੂਜੇ ਪਾਸੇ ਇਸ ਲਈ 15 ਹਜ਼ਾਰ ਰੁਪਏ ਫ਼ੀਸ ਰੱਖ ਦਿੱਤੀ ਹੈ। ਉਨ੍ਹਾਂ ਕਿਹਾ ਕਿ ਇਹ ਸਿੱਧੇ ਰੂਪ ‘ਚ ਧਰਮ ਦੇ ਨਾਂ ‘ਤੇ ਵਿੱਦਿਆ ਵੇਚੀ ਜਾ ਰਹੀ ਹੈ। ਜਦਕਿ ਸਿੱਖਿਆ ਮੁਹੱਈਆ ਕਰਨਾ ਸਰਕਾਰਾਂ ਦੀ ਸੰਵਿਧਾਨਿਕ ਤੌਰ ‘ਤੇ ਬੁਨਿਆਦੀ ਜ਼ਿੰਮੇਵਾਰੀ ਹੈ। ਸੰਧਵਾਂ ਨੇ ਕਿਹਾ ਕਿ ਪ੍ਰਕਾਸ਼ ਉਤਸਵ ਦੇ ਮੱਦੇਨਜ਼ਰ ਸਰਕਾਰ ਨੂੰ ਇਹ ‘ਸੁਨਹਿਰੀ ਮੌਕਾ’ ਮੁਫ਼ਤ ਦਿੱਤਾ ਜਾਵੇ।

ਸੰਧਵਾਂ ਨੇ ਕੈਪਟਨ ਸਰਕਾਰ ਨੂੰ ਅਜਿਹੀ ‘ਜੇਬਕਤਰੀ ਪਹੁੰਚ’ ਛੱਡ ਕੇ ਰੇਤ ਮਾਫ਼ੀਆ, ਟਰਾਂਸਪੋਰਟ ਮਾਫ਼ੀਆ, ਸ਼ਰਾਬ ਮਾਫ਼ੀਆ, ਬਿਜਲੀ ਮਾਫ਼ੀਆ ਸਮੇਤ ਸਾਰੇ ਮਾਫ਼ੀਆ ਵੱਲੋਂ ਮਚਾਈ ਲੁੱਟ ਨੂੰ ਨੱਥ ਪਾ ਕੇ ਖ਼ਜ਼ਾਨੇ ਭਰਨੇ ਚਾਹੀਦੇ ਹਨ।