ਰਿਚਮੰਡ ਹਿੱਲ, ਓਨਟਾਰੀਓ, 16 ਮਈ  : ਕੈਨੇਡੀਅਨ ਤੇ ਅਮਰੀਕੀ ਬਾਰਡਰ ਏਜੰਸੀਆਂ ਵੱਲੋਂ ਮਿਲੀ ਸੂਹ ਉੱਤੇ ਧਮਾਕਾਖੇਜ਼ ਸਮੱਗਰੀ ਰੱਖਣ ਵਾਲੇ ਦੋ ਵਿਅਕਤੀਆਂ ਨੂੰ ਭਾਵੇਂ ਗ੍ਰਿਫਤਾਰ ਕਰ ਲਿਆ ਗਿਆ ਹੈ ਪਰ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਮਾਮਲਾ ਨੈਸ਼ਨਲ ਸਕਿਊਰਿਟੀ ਨਾਲ ਸਬੰਧਤ ਨਹੀਂ ਹੈ। 
ਯੌਰਕ ਰੀਜਨਲ ਪੁਲਿਸ ਨੇ ਦੱਸਿਆ ਕਿ 47 ਸਾਲਾ ਰੇਜਾ ਮੁਹੰਮਦਿਆਸਲ ਤੇ 18 ਸਾਲਾ ਮਾਹਯਾਰ ਮੁਹੰਮਦਿਆਸਲ ਨੂੰ ਸੋਮਵਾਰ ਨੂੰ ਰਿਚਮੰਡ ਹਿੱਲ, ਓਨਟਾਰੀਓ ਦੇ ਇੱਕ ਘਰ ਵਿੱਚੋਂ ਗ੍ਰਿਫਤਾਰ ਕੀਤਾ ਗਿਆ। ਪੁਲਿਸ ਨੇ ਦੱਸਿਆ ਕਿ ਇਸ ਸਬੰਧੀ ਜਾਂਚ ਪਿਛਲੇ ਵੀਰਵਾਰ ਨੂੰ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਤੇ ਯੂਐਸ ਕਸਟਮਜ਼ ਐਂਡ ਬਾਰਡਰ ਪ੍ਰੋਟੈਕਸ਼ਨ ਦੀ ਸੂਹ ਉੱਤੇ ਲਾਂਚ ਕੀਤੀ ਗਈ ਸੀ।
ਸ਼ੁੱਕਰਵਾਰ ਨੂੰ ਪੁਲਿਸ ਅਧਿਕਾਰੀਆਂ ਵੱਲੋਂ ਦੋਵਾਂ ਮਸ਼ਕੂਕਾਂ ਦੇ ਘਰ ਦੀ ਤਲਾਸ਼ੀ ਲਈ ਗਈ ਜਿੱਥੋਂ ਧਮਾਕਾਖੇਜ਼ ਸਮੱਗਰੀ ਦੇ ਨਾਲ ਨਾਲ ਡਿਟੋਨੇਟਰ ਡਿਵਾਈਸ ਵੀ ਮਿਲੀ। ਇਸ ਸਮੱਗਰੀ ਨੂੰ ਹਟਾਉਂਦੇ ਸਮੇਂ ਅਹਿਤਿਆਤ ਵਜੋਂ ਨੇੜਲੇ ਇਲਾਕੇ ਨੂੰ ਖਾਲੀ ਕਰਵਾ ਲਿਆ ਗਿਆ। ਪਬਲਿਕ ਸੇਫਟੀ ਮੰਤਰੀ ਰਾਲਫ ਗੁਡੇਲ ਨੇ ਮੰਗਲਵਾਰ ਨੂੰ ਆਖਿਆ ਕਿ ਇਹ ਮਾਮਲਾ ਯੌਰਕ ਰੀਜਨਲ ਪੁਲਿਸ ਦਾ ਲੋਕਲ ਮਾਮਲਾ ਹੈ। 
ਓਟਵਾ ਵਿੱਚ ਇਸ ਮੁੱਦੇ ਉੱਤੇ ਗੱਲ ਕਰਦਿਆਂ ਗੁਡੇਲ ਨੇ ਆਖਿਆ ਕਿ ਇਸ ਮੁੱਦੇ ਦਾ ਨੈਸ਼ਨਲ ਸਕਿਊਰਿਟੀ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਉਨ੍ਹਾਂ ਆਖਿਆ ਕਿ ਲੋਕਲ ਪੁਲਿਸ ਵੱਲੋਂ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ, ਉਨ੍ਹਾਂ ਖਿਲਾਫ ਚਾਰਜ ਲਾ ਦਿੱਤੇ ਗਏ ਹਨ ਤੇ ਇਸ ਬਾਰੇ ਅੱਗੇ ਟਿੱਪਣੀ ਵੀ ਉਹੀ ਕਰਨਗੇ।