ਇਸਲਾਮਾਬਾਦ, 20 ਜੁਲਾਈ
ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਅੱਜ ਦੁਬਾਰਾ ਆਪਣੀਆਂ ਉਨ੍ਹਾਂ ਵਿਵਾਦਤ ਟਿੱਪਣੀਆਂ ਲਈ ਮੁਆਫ਼ੀ ਮੰਗੀ ਹੈ ਜਿਨ੍ਹਾਂ ’ਚ ਉਨ੍ਹਾਂ ਇਕ ਮਹਿਲਾ ਜੱਜ ਨੂੰ ਧਮਕਾਉਣ ਦੀ ਕੋਸ਼ਿਸ਼ ਕੀਤੀ ਸੀ। ਇਮਰਾਨ ਨੇ ਕਿਹਾ ਕਿ ਜੇਕਰ ਉਨ੍ਹਾਂ ਹੱਦ ਪਾਰ ਕੀਤੀ ਹੈ ਤਾਂ ਉਹ ਮੁਆਫੀ ਮੰਗਦੇ ਹਨ। ਜ਼ਿਕਰਯੋਗ ਹੈ ਕਿ ਅਪਰੈਲ 2023 ਵਿਚ ਇਮਰਾਨ ਨੇ ਸੱਤਾ ਤੋਂ ਬਾਹਰ ਹੋਣ ਮਗਰੋਂ ਇਕ ਤਿੱਖੇ ਭਾਸ਼ਣ ਵਿਚ ਇਸਲਾਮਾਬਾਦ ਦੇ ਚੋਟੀ ਦੇ ਪੁਲੀਸ ਅਧਿਕਾਰੀਆਂ ਤੇ ਜੱਜ ਜ਼ੇਬਾ ਚੌਧਰੀ ਨੂੰ ਧਮਕਾਇਆ ਸੀ। ਇਮਰਾਨ ਨੇ ਭਾਸ਼ਣ ਵਿਚ ਕਿਹਾ ਸੀ ਕਿ ਉਹ ਪਾਰਟੀ ਆਗੂ ਸ਼ਾਹਬਾਜ਼ ਗਿੱਲ ਉਤੇ ‘ਤਸ਼ੱਦਦ’ ਢਾਹੁਣ ਦੇ ਮਾਮਲੇ ਵਿਚ ਇਨ੍ਹਾਂ ਅਧਿਕਾਰੀਆਂ ਨੂੰ ‘ਬਖ਼ਸ਼ਣਗੇ’ ਨਹੀਂ ਤੇ ਕੇਸ ਦਰਜ ਕਰਾਉਣਗੇ। ਇਮਰਾਨ ਨੇ ਅੱਜ ਦੁਬਾਰਾ ਇਸ ਕੇਸ ਦੇ ਮਾਮਲੇ ’ਚ ਜ਼ਿਲ੍ਹਾ ਤੇ ਸੈਸ਼ਨਜ਼ ਕੋਰਟ ਵਿਚ ਮੁਆਫ਼ੀ ਮੰਗੀ। ਸੁਣਵਾਈ ਦੌਰਾਨ ਪੀਟੀਆਈ ਦੇ ਚੇਅਰਮੈਨ ਨੇ ਕਿਹਾ ਕਿ ਉਹ ਪਹਿਲਾਂ ਵੀ ਇਸ ਮਹਿਲਾ ਜੱਜ ਦੇ ਕੋਰਟ ਵਿਚ ਮੁਆਫੀ ਮੰਗ ਚੁੱਕੇ ਹਨ। ਦੱਸਣਯੋਗ ਹੈ ਕਿ ਇਨ੍ਹਾਂ ਧਮਕੀ ਭਰੀਆਂ ਟਿੱਪਣੀਆਂ ਤੋਂ ਕਰੀਬ ਮਹੀਨੇ ਬਾਅਦ ਇਮਰਾਨ ਮਹਿਲਾ ਜੱਜ ਦੇ ਕੋਰਟ ਰੂਮ ਵਿਚ ਮੁਆਫੀ ਮੰਗਣ ਗਏ ਸਨ ਪਰ ਪੁਲੀਸ ਨੇ ਦਰਵਾਜ਼ਾ ਬੰਦ ਕਰ ਦਿੱਤਾ ਸੀ ਤੇ ਕਿਹਾ ਸੀ ਕਿ ਜੱਜ ਛੁੱਟੀ ਉਤੇ ਹਨ।