ਮੁੰਬਈ: ਅਦਾਕਾਰ ਅੰਗਦ ਬੇਦੀ ਛੇਤੀ ਹੀ ਦੱਖਣੀ ਭਾਰਤੀ ਫਿਲਮ ‘ਹਾਏ ਨਾਨਾ’ ਵਿੱਚ ਕੰਮ ਕਰੇਗਾ। ਇਸ ਫਿਲਮ ਬਾਰੇ ਆਪਣੀ ਉਤਸੁਕਤਾ ਜ਼ਾਹਰ ਕਰਦਿਆਂ ਅੰਗਦ ਨੇ ਕਿਹਾ, ‘‘ਫਿਲਮ ਜਗਤ ਵਿੱਚ ਲੰਬਾ ਅਰਸਾ ਕੰਮ ਕਰਨ ਮਗਰੋਂ ਮੁੜ ਨਵੀਂ ਸ਼ੁਰੂਆਤ ਕਰਨਾ ਬਹੁਤ ਹੀ ਚੰਗਾ ਲੱਗ ਰਿਹਾ ਹੈ। ਇਹ ਸਮਾਂ ਸਿਨੇਮਾ ਲਈ ਸੁਨਹਿਰੀ ਸਮਾਂ ਹੈ, ਖਾਸ ਕਰ ਕੇ ਜਦੋਂ ਫਿਲਮ ਨੂੰ ਦੁਨੀਆ ਦੇ ਹਰ ਕੋਨੇ ਤੋਂ ਪਿਆਰ ਤੇ ਹੱਲਾਸ਼ੇਰੀ ਮਿਲਦੀ ਹੈ। ਅੱਜ ਦੇ ਸਮੇਂ ਵਿੱਚ ਭਾਸ਼ਾ ਦੀ ਕੋਈ ਸੀਮਾ ਨਹੀਂ ਰਹੀ ਹੈ। ਮੈਂ ਇਸ ਦਮਦਾਰ ਤੇ ਵੱਡੇ ਪ੍ਰਾਜੈਕਟ ਵਿੱਚ ਕੰਮ ਕਰਨ ਦਾ ਮੌਕਾ ਮਿਲਣ ’ਤੇ ਬਹੁਤ ਖੁਸ਼ੀ ਹਾਂ।’’ ‘ਹਾਏ ਨਾਨਾ’ ਇੱਕ ਭਾਵਨਾਤਮਕ ਪਰਿਵਾਰਕ ਫਿਲਮ ਹੈ, ਜਿਸ ਵਿੱਚ ਨਾਨੀ ਪਿਤਾ ਦੀ ਭੂਮਿਕਾ ਨਿਭਾਅ ਰਿਹਾ ਹੈ। ਇਸ ਫਿਲਮ ਦਾ ਨਿਰਦੇਸ਼ਨ ਸ਼ੌਰਯੁਵ ਵੱਲੋਂ ਕੀਤਾ ਗਿਆ ਹੈ ਅਤੇ ਇਹ ਫਿਲਮ ਇਸ ਸਾਲ 31 ਦਸੰਬਰ ਨੂੰ ਤੇਲਗੂ, ਤਾਮਿਲ, ਕੰਨੜ, ਮਲਿਆਲਮ ਤੇ ਹਿੰਦੀ ਭਾਸ਼ਾਵਾਂ ਵਿੱਚ ਰਿਲੀਜ਼ ਕੀਤੀ ਜਾਵੇਗੀ।