ਦੁਬਈ, 24 ਜਨਵਰੀ

ਅਮਰੀਕੀ ਪਾਬੰਦੀਆਂ ਦੇ ਘੇਰੇ ਵਿਚੋਂ ਬਾਹਰ ਆਏ ਇਰਾਨੀ ਬੈਂਕ ਫੰਡ ਦਾ ਇਸਤੇਮਾਲ ਕਰ ਕੇ ਦੱਖਣੀ ਕੋਰੀਆ ਨੇ ਸੰਯੁਕਤ ਰਾਸ਼ਟਰ ਨੂੰ ਇਰਾਨ ਵੱਲ ਬਕਾਇਆ ਖੜ੍ਹੇ ਇਕ ਕਰੋੜ 80 ਲੱਖ ਡਾਲਰ ਅਦਾ ਕੀਤੇ ਹਨ। ਇਸ ਕਾਰਵਾਈ ਨੂੰ ਅਮਰੀਕਾ ਵੱਲੋਂ ਪ੍ਰਵਾਨਗੀ ਸੀ ਤਾਂ ਕਿ ਸੰਯੁਕਤ ਰਾਸ਼ਟਰ ਵਿਚ ਤਹਿਰਾਨ ਦੇ ਮੁਅੱਤਲ ਵੋਟਿੰਗ ਹੱਕ ਨੂੰ ਬਹਾਲ ਕੀਤਾ ਜਾ ਸਕੇ। ਦੱਖਣੀ ਕੋਰੀਆ ਨੇ ਕਿਹਾ ਕਿ ਇਹ ਫੰਡ ਉਨ੍ਹਾਂ ਦੇ ਮੁਲਕ ਵਿਚ ਜ਼ਬਤ ਕਰ ਲਏ ਗਏ ਸਨ ਤੇ ਹੁਣ ਅਮਰੀਕੀ ਖ਼ਜ਼ਾਨਾ ਵਿਭਾਗ ਦੇ ਕਹਿਣ ਉਤੇ ਅਦਾਇਗੀ ਕੀਤੀ ਗਈ ਹੈ। ਇਸ ਕਦਮ ਨਾਲ ਇਰਾਨ ਤੇ ਅਮਰੀਕਾ ਦੇ ਸਬੰਧਾਂ ਵਿਚ ਨਰਮੀ ਆਉਣ ਦੇ ਸੰਕੇਤ ਮਿਲੇ ਹਨ ਜੋ ਕਿ ਪ੍ਰਮਾਣੂ ਸਮਝੌਤੇ ਦੇ ਮਾਮਲੇ ’ਤੇ ਵਿਗੜੇ ਹੋਏ ਹਨ। ਜ਼ਿਕਰਯੋਗ ਹੈ ਕਿ ਬਾਇਡਨ ਪ੍ਰਸ਼ਾਸਨ 2015 ਦੇ ਪ੍ਰਮਾਣੂ ਸੌਦੇ ਨੂੰ ਬਹਾਲ ਕਰਨਾ ਚਾਹੁੰਦਾ ਹੈ ਜੋ ਕਿ ਅਮਰੀਕਾ ਨੇ ਇਰਾਨ ਨਾਲ ਕੀਤਾ ਸੀ। ਇਰਾਨ ਦੇ ਪ੍ਰਮਾਣੂ ਪ੍ਰੋਗਰਾਮ ਨੂੰ ਸੀਮਤ ਕਰਨ ਬਦਲੇ ਮੁਲਕ ਨੂੰ ਪਾਬੰਦੀਆਂ ਤੋਂ ਰਾਹਤ ਦਿੱਤੀ ਗਈ ਸੀ। ਸੰਯੁਕਤ ਰਾਸ਼ਟਰ ਦੇ ਚਾਰਟਰ ਮੁਤਾਬਕ ਜਿਹੜੇ ਮੁਲਕ ਦਾ ਪੂਰੇ ਦੋ ਸਾਲ ਦਾ ਬਕਾਇਆ ਖੜ੍ਹਾ ਹੋਵੇ, ਉਸ ਦੇ ਆਮ ਇਜਲਾਸ ਵਿਚ ਵੋਟਿੰਗ ਹੱਕ ਖ਼ਤਮ ਹੋ ਜਾਂਦੇ ਹਨ।