ਸਿਓਲ: ਦੱਖਣੀ ਕੋਰੀਆ ਦੇ ਸਾਬਕਾ ਰਾਸ਼ਟਰਪਤੀ ਯੂਨ ਸੁਕ ਯੇਓਲ ਨੂੰ ਅਦਾਲਤ ਨੇ ਵੱਡਾ ਝਟਕਾ ਦਿੱਤਾ ਹੈ। ਸਾਬਕਾ ਰਾਸ਼ਟਰਪਤੀ ਯੂਨ ਸੁਕ ਯੇਓਲ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ। ਅਦਾਲਤ ਨੇ ਉਨ੍ਹਾਂ ਨੂੰ 2024 ਵਿੱਚ ਦੇਸ਼ ਵਿੱਚ ਮਾਰਸ਼ਲ ਲਾਅ ਲਾਗੂ ਕਰਨ, ਸੱਤਾ ਦੀ ਦੁਰਵਰਤੋਂ ਅਤੇ ਬਗ਼ਾਵਤ ਦੀ ਸਾਜ਼ਿਸ਼ ਰਚਣ ਦਾ ਦੋਸ਼ੀ ਪਾਇਆ। ਇਸ ਮਾਮਲੇ ਵਿੱਚ ਉਨ੍ਹਾਂ ਨੂੰ ਮੌਤ ਦੀ ਸਜ਼ਾ ਤੱਕ ਹੋ ਸਕਦੀ ਸੀ, ਪਰ ਅਦਾਲਤ ਨੇ ਉਮਰ ਕੈਦ ਦਾ ਫੈਸਲਾ ਸੁਣਾਇਆ।

65 ਸਾਲਾ ਯੂਨ ਸੁਕ ਯੇਓਲ ਨੇ ਦਸੰਬਰ 2024 ਵਿੱਚ ਫ਼ੌਜ ਅਤੇ ਪੁਲਿਸ ਬਲਾਂ ਨੂੰ ਸਰਗਰਮ ਕਰਕੇ ਸੰਸਦ ‘ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਸੀ। ਇਲਜ਼ਾਮ ਹੈ ਕਿ ਉਨ੍ਹਾਂ ਨੇ ਉਦਾਰਵਾਦੀ ਬਹੁਮਤ ਵਾਲੀ ਨੈਸ਼ਨਲ ਅਸੈਂਬਲੀ ਨੂੰ ਗੈਰ-ਕਾਨੂੰਨੀ ਤਰੀਕੇ ਨਾਲ ਆਪਣੇ ਕਬਜ਼ੇ ਵਿੱਚ ਲੈਣ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਨੇ ਆਪਣੇ ਫੈਸਲੇ ਦਾ ਬਚਾਅ ਕਰਦੇ ਹੋਏ ਕਿਹਾ ਸੀ ਕਿ ਇਹ ਕਦਮ ‘ਦੇਸ਼ ਵਿਰੋਧੀ ਤਾਕਤਾਂ’ ਨੂੰ ਰੋਕਣ ਲਈ ਜ਼ਰੂਰੀ ਸੀ, ਜੋ ਉਨ੍ਹਾਂ ਦੇ ਏਜੰਡੇ ਵਿੱਚ ਰੁਕਾਵਟ ਪਾ ਰਹੀਆਂ ਸਨ।

ਮਾਰਸ਼ਲ ਲਾਅ (ਫ਼ੌਜੀ ਕਾਨੂੰਨ) ਕਰੀਬ ਛੇ ਘੰਟੇ ਤੱਕ ਲਾਗੂ ਰਿਹਾ ਸੀ। ਭਾਰੀ ਹਥਿਆਰਾਂ ਨਾਲ ਲੈਸ ਸੈਨਿਕਾਂ ਅਤੇ ਪੁਲਿਸ ਨੇ ਸੰਸਦ ਭਵਨ ਦੀ ਘੇਰਾਬੰਦੀ ਕਰ ਦਿੱਤੀ ਸੀ। ਹਾਲਾਂਕਿ, ਸੰਸਦ ਮੈਂਬਰਾਂ ਨੇ ਰੁਕਾਵਟਾਂ ਤੋੜਦੇ ਹੋਏ ਅੰਦਰ ਪਹੁੰਚ ਕੇ ਸਰਵਸੰਮਤੀ ਨਾਲ ਮਾਰਸ਼ਲ ਲਾਅ ਹਟਾਉਣ ਦੇ ਪੱਖ ਵਿੱਚ ਵੋਟ ਪਾਈ ਸੀ, ਜਿਸ ਤੋਂ ਬਾਅਦ ਐਮਰਜੈਂਸੀ ਦੇ ਹੁਕਮ ਵਾਪਸ ਲੈਣੇ ਪਏ। ਇਸ ਘਟਨਾ ਨੇ ਦੇਸ਼ ਵਿੱਚ ਡੂੰਘਾ ਸਿਆਸੀ ਸੰਕਟ ਖੜ੍ਹਾ ਕਰ ਦਿੱਤਾ ਸੀ।

ਅਦਾਲਤ ਨੇ ਮਾਰਸ਼ਲ ਲਾਅ ਲਾਗੂ ਕਰਵਾਉਣ ਵਿੱਚ ਸ਼ਾਮਲ ਕਈ ਸਾਬਕਾ ਫ਼ੌਜੀ ਅਤੇ ਪੁਲਿਸ ਅਧਿਕਾਰੀਆਂ ਨੂੰ ਵੀ ਦੋਸ਼ੀ ਕਰਾਰ ਦਿੱਤਾ ਹੈ। ਸਾਬਕਾ ਰੱਖਿਆ ਮੰਤਰੀ ਕਿਮ ਯੋਂਗ ਹਿਊਨ ਨੂੰ ਇਸ ਯੋਜਨਾ ਵਿੱਚ ਕੇਂਦਰੀ ਭੂਮਿਕਾ ਨਿਭਾਉਣ ਅਤੇ ਫ਼ੌਜ ਨੂੰ ਸਰਗਰਮ ਕਰਨ ਲਈ 30 ਸਾਲ ਦੀ ਜੇਲ੍ਹ ਦੀ ਸਜ਼ਾ ਸੁਣਾਈ ਗਈ ਹੈ।