ਪਾਰਲ, 2 ਮਾਰਚ
ਹੈਨਰਿਕ ਕਲਾਸੇਨ ਦੇ ਕਰੀਅਰ ਦੇ ਪਹਿਲੇ ਕੌਮਾਂਤਰੀ ਸੈਂਕੜੇ ਦੀ ਮੱਦਦ ਨਾਲ ਦੱਖਣੀ ਅਫਰੀਕਾ ਨੇ ਇਥੇ ਪਹਿਲੇ ਇੱਕ ਰੋਜ਼ਾ ਕ੍ਰਿਕਟ ਮੈਚ ਵਿੱਚ ਆਸਟਰੇਲੀਆ ਨੂੰ 74 ਦੌੜਾਂ ਨਾਲ ਹਰਾਇਆ। ਕਲਾਸੇਨ ਨੇ ਨਾਬਾਦ 123 ਦੌੜਾਂ ਦੀ ਪਾਰੀ ਖੇਡੀ, ਜਿਸ ਨਾਲ ਦੱਖਣੀ ਅਫਰੀਕਾ ਨੇ ਸੱਤ ਵਿਕਟਾਂ ’ਤੇ 291 ਦੌੜਾਂ ਬਣਾਈਆਂ। ਆਸਟਰੇਲੀਆ ਦੀ ਟੀਮ ਇੱਕ ਸਮੇਂ ਤਿੰਨ ਵਿਕਟਾਂ ’ਤੇ 173 ਦੌੜਾਂ ਬਣਾ ਕੇ ਚੰਗੀ ਸਥਿਤੀ ਵਿੱਚ ਸੀ, ਪਰ ਉਸ ਨੇ ਆਪਣੀਆਂ ਆਖ਼ਰੀ ਸੱਤ ਵਿਕਟਾਂ 43 ਦੌੜਾਂ ਬਣਾਉਂਦਿਆਂ ਗੁਆ ਲਈਆਂ। ਪੂਰੀ ਟੀਮ 45.1 ਓਵਰਾਂ ਵਿਚ 217 ਦੌੜਾਂ ’ਤੇ ਸਿਮਟ ਗਈ।
ਆਸਟਰੇਲੀਆ ਨੇ ਦੋਵੇਂ ਸਲਾਮੀ ਬੱਲੇਬਾਜ਼ ਡੇਵਿਡ ਵਾਰਨਰ (25 ਦੌੜਾਂ) ਅਤੇ ਕਪਤਾਨ ਆਰੋਨ ਫਿੰਚ (10 ਦੌੜਾਂ) ਦੀਆਂ ਵਿਕਟਾਂ ਛੇਤੀ ਗੁਆ ਲਈਆਂ ਸਨ। ਲੁੰਗੀ ਐੱਨਗਿਡੀ (30 ਦੌੜਾਂ ਦੇ ਕੇ 2 ਵਿਕਟਾਂ) ਨੇ ਦੋਵੇਂ ਸਲਾਮੀ ਬੱਲੇਬਾਜ਼ਾਂ ਨੂੰ ਬਾਹਰ ਦਾ ਰਸਤਾ ਵਿਖਾਇਆ ਅਤੇ ਦੱਖਣੀ ਅਫਰੀਕਾ ਨੂੰ ਚੰਗੀ ਸ਼ੁਰੂਆਤ ਦਿਵਾਈ। ਫਿਰ ਸਟੀਵ ਸਮਿਥ (76 ਦੌੜਾਂ) ਅਤੇ ਮਾਰਨੁਸ ਲਾਬੂਸ਼ਾਨੇ (41 ਦੌੜਾਂ) ਨੇ ਤੀਜੀ ਵਿਕਟ ਲਈ 84 ਦੌੜਾਂ ਦੀ ਭਾਈਵਾਲੀ ਕੀਤੀ। ਦੋਵਾਂ ਨੇ ਸ਼ੁਰੂ ਵਿੱਚ ਹੌਲੀ ਬੱਲੇਬਾਜ਼ੀ ਕੀਤੀ। ਲਾਬੂਸ਼ਾਨੇ ਨੇ ਦੌੜਾਂ ਦੀ ਰਫ਼ਤਾਰ ਵਧਾਉਣ ਦੇ ਯਤਨ ਵਿੱਚ ਖੱਬੇ ਹੱਥ ਦੇ ਸਪਿੰਨਰ ਕੇਸ਼ਵ ਮਹਾਰਾਜ ਦੀ ਗੇਂਦ ’ਤੇ ਕੈਚ ਦੇ ਦਿੱਤਾ। ਸਮਿੱਥ ਨੇ ਫਿਰ ਮਿਸ਼ੇਲ ਮਾਰਸ਼ (16 ਦੌੜਾਂ) ਨਾਲ ਚੌਥੀ ਵਿਕਟ ਲਈ 41 ਦੌੜਾਂ ਜੋੜੀਆਂ, ਪਰ ਐੱਨਗਿਡੀ ਨੇ ਮਾਰਸ਼ ਨੂੰ ਬੋਲਡ ਕਰ ਦਿੱਤਾ।
ਤਿੰਨ ਗੇਂਦਾਂ ਸੁੱਟਣ ਮਗਰੋਂ ਐਨਰਿਕ ਨੌਰਜੇ ਨੇ ਸਮਿੱਥ ਨੂੰ ਵੀ ਐੱਲਬੀਡਬਲਯੂ ਆਊਟ ਕੀਤਾ। ਉਸ ਦੇ ਆਊਟ ਹੋਣ ਨਾਲ ਆਸਟਰੇਲੀਆ ਦੀ ਪਾਰੀ ਨੂੰ ਢੇਰ ਹੋਣ ਵਿੱਚ ਜ਼ਿਆਦਾ ਸਮਾਂ ਨਹੀਂ ਲੱਗਿਆ। ਇਸ ਤੋਂ ਪਹਿਲਾਂ ਦੱਖਣੀ ਅਫਰੀਕਾ ਨੂੰ ਕਲਾਸੇਨ ਅਤੇ ਡੇਵਿਡ ਮਿੱਲਰ (64 ਦੌੜਾਂ) ਨੇ ਪੰਜਵੀਂ ਵਿਕਟ ਲਈ 149 ਦੌੜਾਂ ਜੋੜ ਕੇ ਮਜ਼ਬੂਤ ​​ਸਕੋਰ ਤੱਕ ਪਹੁੰਚਾਇਆ। ਦੱਖਣੀ ਅਫਰੀਕਾ ਦੀ ਸ਼ੁਰੂਆਤ ਬਹੁਤ ਖ਼ਰਾਬ ਰਹੀ ਸੀ। ਟੀਮ ਨੇ 48 ਦੌੜਾਂ ’ਤੇ ਹੀ ਤਿੰਨ ਵਿਕਟਾਂ ਗੁਆ ਲਈਆਂ ਸਨ, ਜਿਸ ਮਗਰੋਂ ਪਲੇਠਾ ਮੈਚ ਖੇਡ ਰਹੇ ਕਾਈਲ ਵੈਰੀਨੇ (48 ਦੌੜਾਂ) ਅਤੇ ਕਲਾਸੇਨ ਨੇ ਚੌਥੀ ਵਿਕਟ ਲਈ 78 ਦੌੜਾਂ ਜੋੜ ਕੇ ਪਾਰੀ ਨੂੰ ਸੰਭਾਲਿਆ। ਲੜੀ ਦਾ ਦੂਜਾ ਮੈਚ ਬੁੱਧਵਾਰ ਨੂੰ ਬਲੋਮਫੋਂਟੇਨ ਵਿੱਚ ਖੇਡਿਆ ਜਾਵੇਗਾ।