ਸੂਰਤ, ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਕਪਤਾਨ ਹਰਮਨਪ੍ਰੀਤ ਕੌਰ ਨੇ ਕਿਹਾ ਕਿ ਦੱਖਣੀ ਅਫਰੀਕਾ ਖ਼ਿਲਾਫ਼ ਇੱਥੇ ਪਹਿਲੇ ਟੀ-20 ਕੌਮਾਂਤਰੀ ਮੁਕਾਬਲੇ ਵਿੱਚ ਬੱਲੇਬਾਜ਼ਾਂ ਦੇ ਖ਼ਰਾਬ ਪ੍ਰਦਰਸ਼ਨ ਤੋਂ ਉਹ ਕਾਫ਼ੀ ਪ੍ਰੇਸ਼ਾਨ ਹੋ ਗਈ ਸੀ, ਪਰ ਗੇਂਦਬਾਜ਼ਾਂ ਨੇ ਚੁਣੌਤੀ ਨਾਲ ਨਜਿੱਠ ਕੇ ਜਿੱਤ ਦਿਵਾ ਦਿੱਤੀ।
ਹਰਮਨਪ੍ਰੀਤ ਇਕਲੌਤੀ ਭਾਰਤੀ ਬੱਲੇਬਾਜ਼ੀ ਸੀ, ਜਿਸ ਨੇ 43 ਦੌੜਾਂ ਦੀ ਪਾਰੀ ਖੇਡੀ, ਜਦਕਿ ਬਾਕੀ ਬੱਲੇਬਾਜ਼ ਖ਼ਾਸ ਯੋਗਦਾਨ ਨਹੀਂ ਪਾ ਸਕੇ। ਇਸ ਤਰ੍ਹਾਂ ਭਾਰਤ ਨੇ ਮੰਗਲਵਾਰ ਨੂੰ ਬੱਲੇਬਾਜ਼ੀ ਦਾ ਸੱਦਾ ਮਿਲਣ ਮਗਰੋਂ 130 ਦੌੜਾਂ ਦਾ ਸਕੋਰ ਬਣਾਇਆ।
‘ਪਲੇਅਰ ਆਫ ਦਿ ਮੈਚ’ ਦੀਪਤੀ ਸ਼ਰਮਾ (ਅੱਠ ਦੌੜਾਂ ਦੇ ਕੇ ਚਾਰ ਵਿਕਟਾਂ) ਦੀ ਅਗਵਾਈ ਵਿੱਚ ਗੇਂਦਬਾਜ਼ਾਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਦੱਖਣੀ ਅਫਰੀਕਾ ਦੀ ਟੀਮ ਨੂੰ 19.5 ਓਵਰਾਂ ਵਿੱਚ 119 ਦੌੜਾਂ ’ਤੇ ਢੇਰ ਕਰ ਦਿੱਤਾ।
ਹਰਮਨਪ੍ਰੀਤ ਨੇ ਮੈਚ ਮਗਰੋਂ ਕਿਹਾ, ‘‘ਜਦੋਂ ਅਸੀਂ ਬੱਲੇਬਾਜ਼ੀ ਕਰ ਰਹੇ ਸੀ ਤਾਂ ਮੈਂ ਪ੍ਰੇਸ਼ਾਨ ਸੀ, ਪਰ ਨਾਲ ਹੀ ਜਾਣਦੀ ਸੀ ਕਿ ਗੇਂਦਬਾਜ਼ਾਂ ਦੇ ਕਰਨ ਲਈ ਵੀ ਕੁੱਝ ਹੋਵੇਗਾ। ਉਨ੍ਹਾਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ।’’ ਹਰਮਨਪ੍ਰੀਤ ਨੇ ਕਿਹਾ ਕਿ ਟੀਮ ਨੂੰ ਕਈ ਪਹਿਲੂਆਂ ਖ਼ਾਸ ਕਰਕੇ ਬੱਲੇਬਾਜ਼ੀ ਵਿੱਚ ਸੁਧਾਰ ਦੀ ਲੋੜ ਹੈ।