ਦੁਬਈ,
ਭਾਰਤ ਵਿਸ਼ਵ ਟੈਸਟ ਚੈਂਪੀਅਨਸ਼ਿਪ ਵਿੱਚ ਸ਼ੁਰੂ ਵਿੱਚ ਮਜ਼ਬੂਤ ਸਥਿਤੀ ਵਿੱਚ ਪਹੁੰਚਣ ਲਈ ਦੱਖਣੀ ਅਫਰੀਕਾ ਖ਼ਿਲਾਫ਼ ਬੁੱਧਵਾਰ ਤੋਂ ਵਿਸ਼ਾਖਾਪਟਨਮ ਵਿੱਚ ਸ਼ੁਰੂ ਹੋਣ ਵਾਲੀ ਤਿੰਨ ਟੈਸਟ ਮੈਚਾਂ ਦੀ ਲੜੀ ਵਿੱਚ ਕੋਈ ਕਸਰ ਨਹੀਂ ਛੱਡੇਗਾ, ਜਦਕਿ ਮਹਿਮਾਨ ਟੀਮ ਇਸ ਟੂਰਨਾਮੈਂਟ ਵਿੱਚ ਆਪਣੀ ਮੁਹਿੰਮ ਦੀ ਸ਼ੁਰੂਆਤ ਕਰੇਗੀ। ਵਿਰਾਟ ਕੋਹਲੀ ਦੀ ਅਗਵਾਈ ਵਾਲੀ ਟੀਮ ਨੇ ਵੈਸਟ ਇੰਡੀਜ਼ ਖ਼ਿਲਾਫ਼ 2-0 ਦੀ ਲੀਡ ਹਾਸਲ ਕੀਤੀ ਸੀ, ਜਿਸ ਨਾਲ ਉਸ ਨੂੰ ਲੜੀ ਤੋਂ ਪੂਰੇ 120 ਅੰਕ ਮਿਲੇ। ਹੁਣ ਤੱਕ ਵਿਸ਼ਵ ਟੈਸਟ ਚੈਂਪੀਅਨਸ਼ਿਪ ਤਹਿਤ ਜੋ ਤਿੰਨ ਲੜੀਆਂ ਖੇਡੀਆਂ ਗਈਆਂ ਹਨ, ਉਨ੍ਹਾਂ ਵਿੱਚ ਸਿਰਫ਼ ਭਾਰਤ ਹੀ ਅਜਿਹਾ ਕਰ ਸਕਿਆ ਹੈ।
ਸ੍ਰੀਲੰਕਾ ਅਤੇ ਨਿਊਜ਼ੀਲੈਂਡ ਨੇ ਦੋ ਮੈਚਾਂ ਦੀ ਲੜੀ 1-1 ਨਾਲ ਬਰਾਬਰ ਕਰਵਾਈ ਸੀ। ਉਨ੍ਹਾਂ ਵਿੱਚੋਂ ਹਰੇਕ ਦੇ 60 ਅੰਕ ਹਨ, ਜਦਕਿ ਇੰਗਲੈਂਡ ਅਤੇ ਆਸਟਰੇਲੀਆ ਵਿਚਾਲੇ ਪੰਜ ਮੈਚਾਂ ਦੀ ਐਸ਼ੇਜ਼ ਲੜੀ 2-2 ਨਾਲ ਬਰਾਬਰੀ ਰਹੀ ਸੀ ਅਤੇ ਉਨ੍ਹਾਂ ਵਿੱਚ ਹਰੇਕ ਦੇ 56 ਅੰਕ ਹਨ। ਟੈਸਟ ਕ੍ਰਿਕਟ ਨੂੰ ਉਤਸ਼ਾਹਿਤ ਕਰਨ ਲਈ ਬੀਤੇ ਮਹੀਨੇ ਇਸ ਚੈਂਪੀਅਨਸ਼ਿਪ ਸ਼ੁਰੂ ਕੀਤੀ ਗਈ ਸੀ। ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ ਵਿਸ਼ਾਖਾਪਟਨਮ, ਪੁਣੇ ਅਤੇ ਰਾਂਚੀ ਵਿੱਚ ਹੋਣ ਵਾਲੇ ਟੈਸਟ ਮੈਚਾਂ ਦੌਰਾਨ ਹਰੇਕ ਵਿੱਚ 40 ਅੰਕ ਦਾਅ ’ਤੇ ਲੱਗੇ ਹੋਣਗੇ। ਇਸ ਚੈਂਪੀਅਨਸ਼ਿਪ ਤਹਿਤ ਲੜੀ ਦੇ ਮੈਚਾਂ ਦੇ ਆਧਾਰ ’ਤੇ ਹਰੇਕ ਟੈਸਟ ਲਈ ਅੰਕ ਤੈਅ ਕੀਤੇ ਜਾਂਦੇ ਹਨ। ਹਰੇਕ ਟੀਮ ਲਈ ਛੇ ਲੜੀਆਂ ਖੇਡਣੀਆਂ ਲਾਜ਼ਮੀ ਹਨ ਅਤੇ ਹਰੇਕ ਲੜੀ ਦੇ 120 ਅੰਕ ਮਿਲਣਗੇ। ਮੈਚਾਂ ਦੇ ਹਿਸਾਬ ਨਾਲ ਅੰਕ ਘੱਟ ਜਾਂ ਵੱਧ ਹੋ ਸਕਦੇ ਹਨ। ਉਦਾਹਰਣ ਵਜੋਂ ਜੇਕਰ ਦੋ ਟੈਸਟਾਂ ਦੀ ਲੜੀ ਹੁੰਦੀ ਹੈ ਤਾਂ ਹਰੇਕ ਮੈਚ ਦੇ 60 ਅੰਕ ਮਿਲਣਗੇ। ਪੰਜ ਮੈਚਾਂ ਦੀ ਲੜੀ ਹੋਣ ’ਤੇ ਅੰਕ ਘੱਟ ਕੇ 24 ਹੋ ਜਾਣਗੇ। ਭਾਰਤ ਜੇਕਰ ਤਿੰਨੋਂ ਟੈਸਟ ਮੈਚ ਜਿੱਤਣ ਵਿੱਚ ਸਫਲ ਰਹਿੰਦਾ ਹੈ ਤਾਂ ਉਸ ਦੇ ਅੰਕਾਂ ਦੀ ਗਿਣਤੀ 240 ਹੋ ਜਾਵੇਗੀ। ਮੈਚ ਟਾਈ ਰਹਿਣ ’ਤੇ ਦੋਵਾਂ ਟੀਮਾਂ ਨੂੰ ਅੰਕ ਵੰਡਣੇ ਪੈਣਗੇ, ਜਦੋਂਕਿ ਡਰਾਅ ਦਾ ਫ਼ੈਸਲਾ 3:1 ਦੇ ਅਨੁਪਾਤ ਨਾਲ ਕੀਤਾ ਜਾਵੇਗਾ। ਲੀਗ ਗੇੜ ਦੇ ਅਖ਼ੀਰ ਵਿੱਚ ਚੋਟੀ ’ਤੇ ਰਹਿਣ ਵਾਲੀਆਂ ਦੋ ਟੀਮਾਂ ਵਿਚਾਲੇ ਜੂਨ 2021 ਵਿੱਚ ਯੂਨਾਈਟਿਡ ਕਿੰਗਡਮ ਵਿੱਚ ਫਾਈਨਲ ਖੇਡਿਆ ਜਾਵੇਗਾ, ਜਿਸ ਦੇ ਜੇਤੂ ਨੂੰ ਵਿਸ਼ਵ ਟੈਸਟ ਚੈਂਪੀਅਨ ਦਾ ਖ਼ਿਤਾਬ ਮਿਲੇਗਾ।