ਨਵੀਂ ਦਿੱਲੀ, 25 ਜੁਲਾਈ
ਵਿੱਤ ਮੰਤਰਾਲੇ ਨੇ ਅੱਜ ਕਿਹਾ ਕਿ 2 ਹਜ਼ਾਰ ਦੇ ਨੋਟ ਬਦਲਣ ਲਈ ਦਿੱਤੀ ਗਈ ਆਖਰੀ ਤਰੀਕ 30 ਸਤੰਬਰ ਤੋਂ ਅੱਗੇ ਵਧਾਉਣ ਦੀ ਕੋਈ ਤਜਵੀਜ਼ ਨਹੀਂ ਹੈ। ਲੋਕ ਸਭਾ ਵਿਚ ਲਿਖਤੀ ਜਵਾਬ ਦਾਖਲ ਕਰਦਿਆਂ ਵਿੱਤ ਰਾਜ ਮੰਤਰੀ ਪੰਕਜ ਚੌਧਰੀ ਨੇ ਕਿਹਾ ਕਿ ‘ਫ਼ਿਲਹਾਲ ਇਹ ਮਾਮਲਾ ਵਿਚਾਰ ਅਧੀਨ ਨਹੀਂ ਹੈ।’ ਚੌਧਰੀ ਨੇ ਇਕ ਹੋਰ ਸਵਾਲ ਦੇ ਜਵਾਬ ਵਿਚ ਕਿਹਾ ਕਿ ਸਰਕਾਰ ਦੀ ਹੋਰ ਵੱਡੇ ਨੋਟ ਬੰਦ ਕਰਨ ਦੀ ਕੋਈ ਯੋਜਨਾ ਨਹੀਂ ਹੈ। ਜ਼ਿਕਰਯੋਗ ਹੈ ਕਿ 10 ਮਈ ਨੂੰ ਰਿਜ਼ਰਵ ਬੈਂਕ ਨੇ ਸਰਕੁਲੇਸ਼ਨ ਵਿਚੋਂ 2 ਹਜ਼ਾਰ ਦੇ ਨੋਟ ਵਾਪਸ ਲੈ ਲਏ ਸਨ ਤੇ ਲੋਕਾਂ ਨੂੰ ਨੋਟ ਬੈਂਕਾਂ ਵਿਚ ਜਮ੍ਹਾਂ ਕਰਾਉਣ ਜਾਂ ਬਦਲਣ ਲਈ 30 ਸਤੰਬਰ ਤੱਕ ਦਾ ਸਮਾਂ ਦਿੱਤਾ ਸੀ। 30 ਜੂਨ ਤੱਕ ਕਰੀਬ 84,000 ਕਰੋੜ ਰੁਪਏ ਦੇ 2000 ਦੇ ਨੋਟ ਸਰਕੁਲੇਸ਼ਨ ਵਿਚ ਸਨ। ਜਦਕਿ ਨੋਟ ਵਾਪਸ ਲੈਣ ਦੇ ਐਲਾਨ ਵਾਲੇ ਦਿਨ ਅਜਿਹੀ 3.56 ਲੱਖ ਕਰੋੜ ਦੀ ਕਰੰਸੀ ਬਾਜ਼ਾਰ ਵਿਚ ਸੀ। ਆਰਬੀਆਈ ਨੇ ਕਿਹਾ ਕਿ 87 ਪ੍ਰਤੀਸ਼ਤ ਨੋਟ ਲੋਕਾਂ ਨੇ ਬੈਂਕ ਖਾਤਿਆਂ ਵਿਚ ਜਮ੍ਹਾਂ ਕਰਵਾ ਦਿੱਤੇ ਹਨ ਜਦਕਿ ਬਾਕੀ 13 ਪ੍ਰਤੀਸ਼ਤ ਹੋਰ ਨੋਟਾਂ ਨਾਲ ਬਦਲੇ ਗਏ ਹਨ। ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਨੇ ਅੱਜ ਲੋਕ ਸਭਾ ਵਿਚ ਪ੍ਰਸ਼ਨ ਕਾਲ ਦੌਰਾਨ ਦੱਸਿਆ ਕਿ ਸਰਕਾਰ ਨੇ ਬੈਂਕਾਂ ਨੂੰ ਹਦਾਇਤ ਦਿੱਤੀ ਹੈ ਕਿ ਕਰਜ਼ੇ ਦੀ ਅਦਾਇਗੀ ਦੇ ਮਾਮਲਿਆਂ ਵਿਚ ਉਹ ਸਖ਼ਤ ਕਦਮ ਨਾ ਚੁੱਕਣ। ਉਨ੍ਹਾਂ ਕਿਹਾ ਕਿ ਪ੍ਰਾਈਵੇਟ ਤੇ ਸਰਕਾਰੀ ਬੈਂਕਾਂ ਨੂੰ ਅਜਿਹੇ ਮਾਮਲੇ ਸੰਵੇਦਨਸ਼ੀਲਤਾ ਨਾਲ ਨਜਿੱਠਣ ਲਈ ਕਿਹਾ ਗਿਆ ਹੈ। ਛੋਟੇ ਕਰਜ਼ੇ ਲੈਣ ਵਾਲਿਆਂ ਬਾਰੇ ਲੋਕ ਸਭਾ ਵਿਚ ਅੱਜ ਇਕ ਸਵਾਲ ਪੁੱਛਿਆ ਗਿਆ ਸੀ।