ਵੈਨਕੂਵਰ, 13 ਅਪਰੈਲ
ਕੁਝ ਦਿਨਾਂ ਤੋਂ ਬ੍ਰਿਟਿਸ਼ ਕੋਲੰਬੀਆ ਤੇ ਅਲਬਰਟਾ ਸਰਕਾਰਾਂ ਵਿੱਚ ਤੇਲ ਪਾਈਪ ਲਾਈਨ ਪਸਾਰ ਯੋਜਨਾ ਕਾਰਨ ਪੈਦਾ ਹੋਈ ਖਟਾਸ ਖਤਮ ਕਰਾਉਣ ਲਈ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਆਪਣਾ ਵਿਦੇਸ਼ ਦੌਰਾ ਅਧਵਾਟੇ ਛੱਡ ਵਤਨ ਵਾਪਸ ਆ ਰਹੇ ਹਨ। ਉਹ ਐਤਵਾਰ ਨੂੰ ਦੋਹਾਂ ਸੂਬਿਆਂ ਦੇ ਪ੍ਰੀਮੀਅਰਾਂ ਨਾਲ ਮੀਟਿੰਗ ਕਰਕੇ ਅਲਬਰਟਾ ਦੇ ਤੇਲ ਦਾ ਨਿਰਯਾਤ ਕਰਨ ਲਈ ਵਰਤੀ ਜਾਣ ਵਾਲੀ ਕਿੰਡਰ ਮੌਰਗਨ ਕੰਪਨੀ ਦੀ ਪਾਈਪ ਲਾਈਨ ਦੇ ਪਸਾਰ ਦੇ ਪ੍ਰੋਜੈਕਟ ਵਿੱਚ ਬੀ.ਸੀ. ਸਰਕਾਰ ਵੱਲੋਂ ਡਾਹੇ ਜਾ ਰਹੇ ਅੜਿੱਕੇ ਦੂਰ ਕਰਾਉਣ ਦਾ ਯਤਨ ਕਰਨਗੇ। ਉਨ੍ਹਾਂ ਅਲਬਰਟਾ ਦੀ ਪ੍ਰੀਮੀਅਰ ਰੈਸ਼ਲ ਨੋਟਲੀ ਤੇ ਬੀ.ਸੀ. ਦੇ ਪ੍ਰੀਮੀਅਰ ਜੌਹਨ ਹੌਰਗਨ ਨੂੰ ਐਤਵਾਰ ਸਵੇਰ ਤੱਕ ਓਟਾਵਾ ਪਹੁੰਚਣ ਲਈ ਕਿਹਾ ਹੈ।
ਦੱਸਣਯੋਗ ਹੈ ਕਿ ਸਾਢੇ ਸੱਤ ਅਰਬ ਡਾਲਰ ਲਾਗਤ ਦੀ ਇਸ ਯੋਜਨਾ ਦਾ ਕੰਮ ਤਿੰਨ ਸਾਲਾਂ ਤੋਂ ਰੁਕਿਆ ਹੋਇਆ ਹੈ। ਬੀ.ਸੀ. ਵਾਸੀਆਂ ਵਿੱਚੋਂ ਵਾਤਾਵਰਨ ਪ੍ਰੇਮੀ ਸਮੂਹ ਦਾ ਕਹਿਣਾ ਹੈ ਕਿ ਪਾਈਪਲਾਈਨ ਵਿਛਣ ਨਾਲ ਬੀ.ਸੀ. ਦੇ ਤਟੀ ਇਲਾਕੇ ਵਿੱਚ ਤੇਲ ਦੇ ਰਿਸਾਅ ਕਾਰਨ ਵਾਤਾਵਰਨ ਦੂਸ਼ਿਤ ਹੋਵੇਗਾ। ਦੂਜੇ ਪਾਸੇ ਤੇਲ ਭੰਡਾਰਾਂ ਵਾਲੇ ਸੂਬੇ ਅਲਬਰਟਾ ਦੀ ਆਰਥਿਕਤਾ ਵਿੱਚ ਤੇਲ ਨਿਰਯਾਤ ਦਾ ਵੱਡਾ ਯੋਗਦਾਨ ਹੈ। ਅਲਬਰਟਾ ਦੇ ਖੂਹਾਂ ਵਿੱਚੋਂ ਕੱਢਿਆ ਤੇਲ ਬੀ.ਸੀ. ਤੱਟ ਤੋਂ ਹੀ ਸਮੁੰਦਰੀ ਤੇਲ ਵਾਹਕ ਜਹਾਜ਼ਾਂ ਵਿੱਚ ਭਰਿਆ ਜਾਂਦਾ ਹੈ। ਕੰਪਨੀ ਦਾ ਦਾਅਵਾ ਹੈ ਕਿ ਨਵੀਂ ਪਾਈਪਲਾਈਨ ਆਧੁਨਿਕ ਢੰਗ ਨਾਲ ਵਿਛਾਈ ਜਾਵੇਗੀ ਤੇ ਰਿਸਾਅ ਦਾ ਖਤਰਾ ਨਾਂਹ ਦੇ ਬਰਾਬਰ ਹੋਵੇਗਾ। ਦੂਜੇ ਪਾਸੇ ਵਾਤਾਵਰਨ ਪ੍ਰੇਮੀ ਉਸੇ ਕੰਪਨੀ ਦੀ ਪਹਿਲਾਂ ਵਿਛੀ ਪਾਈਪਲਾਈਨ ਵਿੱਚ ਹੋਏ ਕਈ ਰਿਸਾਵਾਂ ਦੀ ਉਦਾਹਰਨ ਦੇਕੇ ਵਿਰੋਧ ਕਰਦੇ ਹਨ। ਬੀ.ਸੀ. ਦੀ ਮੌਜੂਦਾ ਸਰਕਾਰ ਦਾ ਚੋਣ ਵਾਅਦਾ ਸੀ ਕਿ ਉਹ ਇਸ ਪਾਈਪਲਾਈਨ ਨੂੰ ਸਹਿਮਤੀ ਨਹੀਂ ਦੇਣਗੇ। ਬੇਸ਼ੱਕ ਪਾਈਪਲਾਈਨ ਵਿਛਣ ਨਾਲ ਬੀ.ਸੀ. ਵਿੱਚ ਰੁਜ਼ਗਾਰ ਦੇ ਮੌਕੇ ਵਧਣਗੇ ਪਰ ਸਰਕਾਰ ਨੂੰ ਪਾਈਪਲਾਈਨ ਵਿੱਚੋਂ ਮਾਲੀਏ ਦੇ ਰੂਪ ’ਚ ਕੁਝ ਨਹੀਂ ਮਿਲਣਾ। ਪ੍ਰੋਜੈਕਟ ਵਿੱਚ ਦੇਰੀ ਕਾਰਨ ਅੱਕੀ ਕਿੰਡਰ ਮੌਰਗਨ ਕੰਪਨੀ ਵੱਲੋਂ ਕੁਝ ਦਿਨ ਪਹਿਲਾਂ ਪਸਾਰ ਪ੍ਰੋਜੈਕਟ ਦੇ ਗੈਰਜ਼ਰੂਰੀ ਖਰਚਿਆਂ ’ਤੇ ਰੋਕ ਲਾ ਦਿੱਤੀ ਗਈ ਹੈ, ਜਿਸ ਤੋਂ ਅਲਬਰਟਾ ਸਰਕਾਰ ਘਬਰਾਈ ਹੋਈ ਹੈ ਕਿ ਜੇਕਰ ਪ੍ਰੋਜੈਕਟ ਸਿਰੇ ਨਾ ਲੱਗਿਆ ਤਾਂ ਵੱਡਾ ਆਰਥਿਕ ਨੁਕਸਾਨ ਹੋਵੇਗਾ। ਪਿਛਲੇ ਮਹੀਨੇ ਬੀ.ਸੀ. ਦੇ ਕਥਿਤ ਅੜੀਅਲ ਵਤੀਰੇ ਕਾਰਨ ਅਲਬਰਟਾ ਸਰਕਾਰ ਨੇ ਬੀ.ਸੀ. ਉਤਪਾਦਤ ਵਾਈਨ ਦੀ ਅਲਬਰਟਾ ਵਿੱਚ ਆਮਦ ’ਤੇ ਸਖ਼ਤ ਪਾਬੰਦੀ ਲਾ ਦਿੱਤੀ ਸੀ। ਪ੍ਰਧਾਨ ਮੰਤਰੀ ਵੱਲੋਂ ਸੂਬਾ ਸਰਕਾਰਾਂ ਦਾ ਮਾਮਲਾ ਸੁਲਝਾਉਣ ਲਈ ਵਿਦੇਸ਼ ਯਾਤਰਾ ਅੱਧਵਾਟੇ ਛੱਡਣ ਦੀ ਲੋਕਾਂ ਵੱਲੋਂ ਸ਼ਲਾਘਾ ਕੀਤੀ ਜਾ ਰਹੀ ਹੈ। ਜਸਟਿਨ ਟਰੂਡੋ ਪੇਰੂ ਤੋਂ ਪਰਤ ਰਹੇ ਹਨ।