ਓਟਾਵਾ — ਕੈਨੇਡਾ ‘ਚ 17 ਅਕਤੂਬਰ ਨੂੰ ਭੰਗ ‘ਤੇ ਕਾਨੂੰਨੀ ਮੋਹਰ ਲੱਗ ਗਈ ਅਤੇ ਇਸ ਦੇ ਨਾਲ ਹੀ ਧੜੱਲੇ ਨਾਲ ਇਸ ਦੀ ਵਿਕਰੀ ਸ਼ੁਰੂ ਹੋ ਗਈ। ਭੰਗ ਦੇ ਸ਼ੌਕੀਨਾਂ ਦੀਆਂ ਲੰਬੀਆਂ ਲਾਈਨਾਂ 16 ਅਕਤੂਬਰ ਦੀ ਰਾਤ ਤੋਂ ਹੀ ਸਟੋਰਾਂ ਦੇ ਬਾਹਰ ਲੱਗ ਗਈਆਂ ਸਨ। ਕੋਈ ਸੋਚ ਵੀ ਨਹੀਂ ਸਕਦਾ ਸੀ ਕਿ ਭੰਗ ਨੂੰ ਮਾਨਤਾ ਮਿਲਣ ਦੇ ਇਕ ਦਿਨ ਬਾਅਦ ਹੀ ਬਹੁਤ ਸਾਰੇ ਸਟੋਰਾਂ ‘ਚ ਭੰਗ ਖਤਮ ਹੋ ਜਾਵੇਗੀ।
ਬਹੁਤ ਸਾਰੇ ਲੋਕਾਂ ਨੇ ਕਿਹਾ ਕਿ ਕਈ ਥਾਵਾਂ ‘ਤੇ ਭੰਗ ਦੀ ਵਧੇਰੇ ਡਿਮਾਂਡ ਹੋਣ ਕਾਰਨ ਕਾਫੀ ਮਹਿੰਗੀ ਵੇਚੀ ਜਾ ਰਹੀ ਹੈ। ਕਈ ਸਟੋਰਾਂ ਦੇ ਬਾਹਰ ਤਾਂ ਇੰਨੀ ਕੁ ਭੀੜ ਇਕੱਠੀ ਹੋ ਗਈ ਕਿ ਲੋਕਾਂ ਨੂੰ ਹਟਾਉਣ ਲਈ ਪੁਲਸ ਦੀ ਮਦਦ ਲੈਣੀ ਪਈ। ਅਲੈਗਜ਼ੈਂਡਰ ਨਾਂ ਦੇ ਵਿਅਕਤੀ ਨੇ ਕਿਹਾ ਕਿ ਹਾਲਾਂਕਿ ਉਹ ਭੰਗ ਨਹੀਂ ਖਰੀਦ ਸਕਿਆ ਪਰ ਇਸ ਦੌਰਾਨ ਉਸ ਨੇ ਲੋਕਾਂ ਨਾਲ ਗੱਲਬਾਤ ਕੀਤੀ ਅਤੇ ਕਈ ਲੋਕਾਂ ਨਾਲ ਉਸਦੀ ਦੋਸਤੀ ਹੋ ਗਈ। ਉਸ ਨੇ ਕਿਹਾ ਕਿ ਲੋਕ ਕੰਮ ਛੱਡ ਕੇ ਲੰਬੀਆਂ ਲਾਈਨਾਂ ‘ਚ 8-8 ਘੰਟਿਆਂ ਤਕ ਇੰਤਜ਼ਾਰ ਕਰਦੇ ਰਹੇ।
ਪਾਰਟੀਆਂ ਦੌਰਾਨ ਨੌਜਵਾਨ ਮੁੰਡੇ-ਕੁੜੀਆਂ ਭੰਗ ਪੀਂਦੇ ਦਿਖਾਈ ਦਿੱਤੇ। ਉਨ੍ਹਾਂ ਕਿਹਾ ਕਿ ਉਹ ਇਸ ਗੱਲ ਤੋਂ ਬਹੁਤ ਖੁਸ਼ ਹਨ ਕਿ ਸਰਕਾਰ ਨੇ ਉਨ੍ਹਾਂ ਦੇ ਹਿੱਤ ‘ਚ ਫੈਸਲਾ ਦਿੱਤਾ ਹੈ। ਓਂਟਾਰੀਓ ਸੂਬੇ ‘ਚ ਭੰਗ ਵੇਚਣ ਵਾਲੇ ਸਟੋਰ ਮਾਲਕਾਂ ਨੇ ਦੱਸਿਆ ਕਿ 17 ਅਕਤੂਬਰ ਦੇ ਤੜਕਸਾਰ ਹੀ ਉਨ੍ਹਾਂ ਨੂੰ 38,000 ਆਨਲਾਈਨ ਆਰਡਰ ਮਿਲੇ ਸਨ ਅਤੇ ਪੂਰੇ ਦਿਨ ਦਾ ਡਾਟਾ ਅਜੇ ਉਹ ਗਿਣ ਹੀ ਨਹੀਂ ਸਕੇ ਹਨ। ਕਿਊਬਿਕ ਦੇ ਸਟੋਰ ਮਾਲਕਾਂ ਨੇ ਦੱਸਿਆ ਕਿ ਉਨ੍ਹਾਂ ਨੂੰ 42,000 ਤੋਂ ਵਧੇਰੇ ਆਰਡਰ ਮਿਲੇ, ਜਿਸ ਬਾਰੇ ਉਹ ਸੋਚ ਨਹੀਂ ਸਕਦੇ ਸਨ। ਹਾਲਾਂਕਿ ਛੋਟੇ ਸੂਬਿਆਂ ਜਿਵੇਂ ਨੋਵਾ ਸਕੋਟੀਆ ਅਤੇ ਪ੍ਰਿੰਸ ਐਡਵਰਡ ਦੇ ਸਟੋਰ ਮਾਲਕਾਂ ਨੇ ਭੰਗ ਦੀ 660,000 ਡਾਲਰ ਅਤੇ 152,000 ਡਾਲਰ ਦੀ ਵਿਕਰੀ ਕੀਤੀ।