ਜਲੰਧਰ, ਵਧੀਕ ਜ਼ਿਲ੍ਹਾ ਸੈਸ਼ਨ ਜੱਜ ਦਰਬਾਰੀ ਲਾਲ ਦੀ ਅਦਾਲਤ ਨੇ ਗੈਂਗਸਟਰ ਭਾਨਾ ਅਤੇ ਉਸ ਦੇ ਦੋ ਹੋਰ ਸਾਥੀਆਂ ਨੂੰ ਸਾਢੇ ਤਿੰਨ ਸਾਲ ਪੁਰਾਣੇ ਦੋਹਰੇ ਕਤਲ ਦੇ ਮਾਮਲੇ ਵਿੱਚ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਇਸ ਕੇਸ ਵਿੱਚ ਅਦਾਲਤ ਨੇ ਭਾਨੇ ਦੇ ਦੋ ਹੋਰ ਸਾਥੀਆਂ ਦਲਵੀਰ ਸਿੰਘ ਅਤੇ ਬਲਵੀਰ ਸਿੰਘ ਚੀਮਾ ਨੂੰ ਬਰੀ ਕਰ ਦਿੱਤਾ ਹੈ। ਦੁਪਹਿਰ ਬਾਅਦ ਫੈਸਲਾ ਸੁਣਾਉਣ ਸਮੇਂ ਅਦਾਲਤ ਦੇ ਬਾਹਰ ਪੁਲੀਸ ਨੇ ਸਖਤ ਸੁਰੱਖਿਆ ਦੇ ਇੰਤਜ਼ਾਮ ਕੀਤੇ ਹੋਏ ਸਨ। ਜ਼ਿਲ੍ਹਾ ਸੈਸ਼ਨ ਅਦਾਲਤ ਦੇ ਅੱਗਿਓਂ ਲੰਘਦੀ ਸੜਕ ’ਤੇ ਪੁਲੀਸ ਨੇ ਆਮ ਆਵਾਜਾਈ ਨੂੰ ਰੋਕਿਆ ਹੋਇਆ ਸੀ।ਰਾਜਾ ਗਾਰਡਨ ਕਲੋਨੀ ’ਚ 26 ਫਰਵਰੀ 2014 ਨੂੰ ਭਾਨਾ ਅਤੇ ਉਸ ਦੇ ਦੋ ਹੋਰ ਸਾਥੀਆਂ ਰਣਵੀਰ ਸਿੰਘ ਸੰਧੂ ਤੇ ਸਤੀਸ਼ ਗਿੱਲ ਉਰਫ ਵਿੱਕੀ ਨੇ ਜਿੰਮ ਜਾ ਰਹੇ ਦੋ ਦੋਸਤਾਂ ਸਿਮਰਨ ਤੇ ਦੀਪਾਂਸ਼ ਨੂੰ ਕਤਲ ਕਰ ਦਿੱਤਾ ਸੀ ਅਤੇ ਉਨ੍ਹਾਂ ਦੇ ਇਕ ਦੋਸਤ ਰਣਦੀਪ ਨੂੰ ਜ਼ਖ਼ਮੀ ਕਰ ਦਿੱਤਾ ਸੀ। ਭਾਨੇ ਤੇ ਉਸ ਦੇ ਸਾਥੀਆਂ ਨੇ ਸਿਮਰਨ ਅਤੇ ਦਿਪਾਂਸ਼ ਨੂੰ ਨੇੜਿਓਂ ਗੋਲੀਆਂ ਮਾਰਨ ਤੋਂ ਬਾਅਦ ਤੇਜ਼ਧਾਰ ਹਥਿਆਰਾਂ ਨਾਲ ਉਨ੍ਹਾਂ ਦੀ ਵੱਢ-ਟੁੱਕ ਕਰ ਦਿੱਤੀ ਸੀ।ਜ਼ਿਕਰਯੋਗ ਹੈ ਕਿ ਸਿਮਰਨ ਤੇ ਦੀਪਾਂਸ਼, ਭਾਨੇ ਵੱਲੋਂ ਮਈ 2012 ਵਿੱਚ ਪ੍ਰਿੰਸ ਨਾਂ ਦੇ ਨੌਜਵਾਨ ਦੇ ਕੀਤੇ ਗਏ ਕਤਲ ਦੇ ਮਾਮਲੇ ਵਿੱਚ ਗਵਾਹ ਸਨ। ਭਾਨੇ ਵੱਲੋਂ ਉਨ੍ਹਾਂ ਨੂੰ ਇਹ ਧਮਕੀਆਂ ਦਿੱਤੀਆਂ ਜਾ ਰਹੀਆਂ ਸਨ ਕਿ ਉਹ ਉਸ ਦੇ ਵਿਰੁੱਧ ਗਵਾਹੀ ਨਾ ਦੇਣ। ਪ੍ਰਿੰਸ ਨਾਂ ਦੇ ਨੌਜਵਾਨ ਨੂੰ ਕਤਲ ਕੀਤੇ ਜਾਣ ਤੋਂ ਪਹਿਲਾਂ ਉਸ ਦੇ ਪਰਿਵਾਰ ਨੇ ਪੁਲੀਸ ਨੂੰ ਇਹ ਸੂਚਨਾ ਦਿੱਤੀ ਸੀ ਕਿ ਭਾਨੇ ਵੱਲੋਂ ਉਨ੍ਹਾਂ ਨੂੰ ਧਮਕੀਆਂ ਮਿਲਦੀਆਂ ਹਨ ਪਰ ਪੁਲੀਸ ਨੇ ਕੋਈ ਕਾਰਵਾਈ ਨਹੀਂ ਸੀ ਕੀਤੀ।