ਓਟਵਾ, 7 ਜਨਵਰੀ : ਚੀਨ ਜਾਣ ਵਾਲੇ ਕੈਨੇਡਾ ਦੇ ਪਾਰਲੀਆਮੈਂਟਰੀ ਵਫਦ ਦੀ ਅਗਵਾਈ ਕਰ ਰਹੇ ਲਿਬਰਲ ਸੈਨੇਟਰ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਗਰੁੱਪ ਉੱਥੇ ਨਜ਼ਰਬੰਦ ਕੀਤੇ ਗਏ ਦੋਵਾਂ ਕੈਨੇਡੀਅਨਾਂ ਦੀ ਰਿਹਾਈ ਲਈ ਬਹੁਤ ਹੀ ਸਾਵਧਾਨੀ ਨਾਲ ਗੱਲ ਕਰੇਗਾ। 
ਸੈਨੇਟਰ ਜੋਸਫ ਡੇਅ ਨੇ ਆਖਿਆ ਕਿ ਚੀਨੀ ਕਾਨੂੰਨ ਘਾੜਿਆਂ ਨਾਲ ਸਿੱਧੇ ਤੌਰ ਉੱਤੇ ਗੱਲ ਕਰਨਾ ਬਹੁਤ ਹੀ ਮੁਸ਼ਕਲ ਹੈ ਪਰ ਉਨ੍ਹਾਂ ਦਾ ਗਰੁੱਪ ਮਾਈਕਲ ਕੋਵਰਿੱਗ ਤੇ ਮਾਈਕਲ ਸਪੇਵਰ ਨੂੰ ਨੁਕਸਾਨ ਨਹੀਂ ਪਹੁੰਚਣ ਦੇਣਾ ਚਾਹੁੰਦਾ। ਸੁ਼ੱਕਰਵਾਰ ਨੂੰ ਚੀਨ ਰਵਾਨਾ ਹੋਣ ਤੇ ਮਾਂਟਰੀਅਲ ਤੋਂ ਜਹਾਜ਼ ਉੱਤੇ ਸਵਾਰ ਹੋਣ ਤੋਂ ਪਹਿਲਾਂ ਡੇਅ ਨੇ ਫੋਨ ਉੱਤੇ ਮੀਡੀਆ ਨੂੰ ਦੱਸਿਆ ਕਿ ਅਸੀਂ ਇਹ ਯਕੀਨੀ ਬਣਾਉਣ ਦੀ ਕੋਸਿ਼ਸ਼ ਕਰਾਂਗੇ ਕਿ ਦੋਵਾਂ ਕੈਨੇਡੀਅਨਾਂ ਨੂੰ ਬਿਨਾਂ ਨੁਕਸਾਨ ਦੇ ਰਿਹਾਅ ਕਰ ਦਿੱਤਾ ਜਾਵੇ। 
ਉਨ੍ਹਾਂ ਆਖਿਆ ਕਿ ਦੋਵਾਂ ਮੁਲਕਾਂ ਵਿੱਚ ਵੱਖੋ ਵੱਖਰੇ ਕਾਨੂੰਨ ਹੋ ਸਕਦੇ ਹਨ ਪਰ ਅਸੀਂ ਮੌਲਿਕ ਅਧਿਕਾਰਾਂ ਨੂੰ ਆਧਾਰ ਬਣਾ ਕੇ ਗੱਲ ਕਰਾਂਗੇ। ਨਿਊ ਬਰੰਜ਼ਵਿੱਕ ਦੇ ਇਸ ਸੈਨੇਟਰ ਨੇ ਆਖਿਆ ਕਿ ਇੱਕ ਮੌਲਿਕ ਅਧਿਕਾਰ ਤਾਂ ਇਹੋ ਹੈ ਕਿ ਜੇ ਉਨ੍ਹਾਂ ਨੂੰ ਨਜ਼ਰਬੰਦ ਕੀਤਾ ਗਿਆ ਹੈ ਤਾਂ ਉਨ੍ਹਾਂ ਨੂੰ ਨੁਮਾਇੰਦਗੀ ਦਾ ਅਧਿਕਾਰ ਵੀ ਹੋਣਾ ਚਾਹੀਦਾ ਹੈ। ਉਨ੍ਹਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਆਖਿਰਕਾਰ ਉਨ੍ਹਾਂ ਦੀ ਗਲਤੀ ਕੀ ਹੈ ਤੇ ਉਹ ਆਪਣਾ ਬਚਾਅ ਕਿਸ ਤਰ੍ਹਾਂ ਕਰ ਸਕਦੇ ਹਨ।
ਪਿਛਲੇ ਮਹੀਨੇ ਉਨ੍ਹਾਂ ਨੂੰ ਗ੍ਰਿਫਤਾਰ ਕੀਤੇ ਜਾਣ ਤੋਂ ਲੈ ਕੇ ਹੁਣ ਤੱਕ ਸਿਰਫ ਇੱਕ ਵਾਰੀ ਚੀਨ ਵਿੱਚ ਕੈਨੇਡਾ ਦੇ ਅੰਬੈਸਡਰ ਨੂੰ ਉਨ੍ਹਾਂ ਨਾਲ ਮਿਲਣ ਦਿੱਤਾ ਗਿਆ ਹੈ। ਇਹ ਵੀ ਮੰਨਿਆ ਜਾ ਰਿਹਾ ਹੈ ਕਿ ਅਮਰੀਕਾ ਦੀ ਬੇਨਤੀ ਉੱਤੇ ਕੈਨੇਡਾ ਵੱਲੋਂ ਚੀਨ ਦੀ ਹਾਈ-ਟੈਕ ਐਗਜੈ਼ਕਟਿਵ ਮੈਂਗ ਵਾਨਜ਼ੋਊ ਨੂੰ ਗ੍ਰਿਫਤਾਰ ਕਰ ਲਏ ਜਾਣ ਦੇ ਸਬੰਧ ਵਿੱਚ ਬਦਲਾਲਊ ਕਾਰਵਾਈ ਕਰਦਿਆਂ ਹੋਇਆਂ ਇਨ੍ਹਾਂ ਦੋਵਾਂ ਕੈਨੇਡੀਅਨ ਨਾਗਰਿਕਾਂ ਨੂੰ ਨਜ਼ਰਬੰਦ ਕੀਤਾ ਗਿਆ ਹੈ। ਚੀਨੀ ਸਰਕਾਰ ਦਾ ਕਹਿਣਾ ਹੈ ਕਿ ਦੋਵਾਂ ਨੂੰ ਨੈਸ਼ਨਲ ਸਕਿਊਰਿਟੀ ਨੂੰ ਖਤਰੇ ਦੇ ਅਧਾਰ ਉੱਤੇ ਗ੍ਰਿਫਤਾਰ ਕੀਤਾ ਗਿਆ ਹੈ। ਇਹ ਵੀ ਆਖਿਆ ਗਿਆ ਕਿ ਉਨ੍ਹਾਂ ਨੇ ਦੇਸ਼ ਦੇ ਕਾਨੂੰਨ ਦੀ ਉਲੰਘਣਾ ਕੀਤੀ ਹੈ ਤੇ ਉਨ੍ਹਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।