ਜਲੰਧਰ, 3 ਮਾਰਚ
ਜਲੰਧਰ, ਕਪੂਰਥਲਾ ਤੇ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਦੇ ਚਾਰ ਵਿਦਿਆਰਥੀ ਅੱਜ ਯੂਕਰੇਨ ਤੋਂ ਪਰਤ ਆਏ ਹਨ। ਐੱਮਬੀਬੀਐੱਸ ਦੇ ਆਖਰੀ ਸਮੈਸਟਰ ਵਿਚ ਪੜ੍ਹ ਰਹੀ ਸ਼ਿਵਾਨੀ ਤੜਕਸਾਰ ਹੀ ਆਪਣੇ ਮਾਪਿਆਂ ਕੋਲ ਪਹੁੰਚੀ ਹੈ। ਉਸ ਕੋਲ ਟੌਲ ਫਰੀ ਨੰਬਰ ਹੋਣ ਕਰਕੇ ਉਹ ਲਗਾਤਾਰ ਯੂਕਰੇਨ ਵਿਚ ਫਸੇ ਵਿਦਿਆਰਥੀਆਂ ਨੂੰ ਉਥੋਂ ਬਚ ਕੇ ਨਿਕਲਣ ਦੇ ਰਸਤੇ ਦੱਸ ਰਹੀ ਹੈ।
ਭਾਰਤ ਸਰਕਾਰ ਦੇ ‘ਅਪਰੇਸ਼ਨ ਗੰਗਾ’ ਤਹਿਤ ਘਰ ਪਰਤੀ ਸ਼ਿਵਾਨੀ ਨੇ ਦੱਸਿਆ ਕਿ ਉਹ ਯੂਕਰੇਨ ਵਿਚ ਉਸ ਪਾਸੇ ਰਹਿ ਰਹੀ ਸੀ, ਜਿਥੇ ਜੰਗ ਦਾ ਪ੍ਰਭਾਵ ਘੱਟ ਸੀ। ਫਿਰ ਵੀ ਵਿਦਿਆਰਥੀ ਉਥੋਂ ਯੂਨੀਵਰਸਿਟੀਆਂ ਖਾਲੀ ਕਰ ਕੇ ਜਾ ਰਹੇ ਸਨ। ਸ਼ਿਵਾਨੀ ਨੇ ਦੱਸਿਆ ਕਿ ਉਹ ਰੇਲ ਗੱਡੀ ਰਾਹੀਂ ਆਪਣੇ ਜ਼ੋਖਮ ’ਤੇ ਹੰਗਰੀ ਦੀ ਸਰਹੱਦ ਤੱਕ ਪਹੁੰਚੀ ਸੀ। ਹੰਗਰੀ ਪਹੁੰਚ ਕੇ ਮੋਬਾਈਲ ਫੋਨ ਚੱਲਣੇ ਬੰਦ ਹੋ ਗਏ। ਉਥੇ ਇਕ ਭਾਰਤੀ ਕਾਰੋਬਾਰੀ ਨੇ ਉਸ ਨੂੰ ਇਕ ਟੌਲ ਫਰੀ ਨੰਬਰ ਲੈ ਕੇ ਦਿੱਤਾ ਤਾਂ ਕਿ ਉਹ ਦੂਜੇ ਵਿਦਿਆਰਥੀਆਂ ਦੀ ਵੀ ਮਦਦ ਕਰ ਸਕੇ। ਇਹ ਨੰਬਰ ਉਸ ਨੇ ਹੋਰ ਵਿਦਿਆਰਥੀਆਂ ਦੇ ਮਦਦ ਲਈ ਵੱਖ-ਵੱਖ ਗਰੁੱਪਾਂ ਵਿਚ ਪਾ ਦਿੱਤਾ ਹੈ। ਪਠਾਨਕੋਟ ਚੌਕ ਨੇੜੇ ਆਪਣੇ ਘਰ ਪਹੁੰਚੀ ਸ਼ਿਵਾਨੀ ਆਪਣੇ ਟੌਲ ਫਰੀ ਨੰਬਰ ਰਾਹੀਂ ਵਿਦਿਆਰਥੀਆਂ ਦੀ ਮਦਦ ਕਰ ਰਹੀ ਹੈ। ਸ਼ਿਵਾਨੀ ਦੀ ਮਾਂ ਬਬੀਤਾ ਰਾਣੀ ਨੇ ਦੱਸਿਆ ਕਿ ਹਾਲੇ ਇਕ ਮਹੀਨਾ ਪਹਿਲਾਂ ਹੀ ਛੁੱਟੀਆਂ ਕੱਟ ਕੇ ਸ਼ਿਵਾਨੀ 29 ਜਨਵਰੀ ਨੂੰ ਯੂਕਰੇਨ ਵਾਪਸ ਗਈ ਸੀ। ਉਸ ਦੀ ਪੜ੍ਹਾਈ ਹੁਣ ਖਤਮ ਹੋਣ ਵਾਲੀ ਸੀ। ਤਿੰਨ-ਚਾਰ ਮਹੀਨਿਆਂ ਬਾਅਦ ਉਸ ਨੂੰ ਡਿਗਰੀ ਮਿਲ ਜਾਣੀ ਸੀ। ਉਸ ਦੇ ਪਿਤਾ ਰਮੇਸ਼ ਚੰਦ ਨੇ ਕਿਹਾ ਕਿ ਆਪਣੀ ਧੀ ਨੂੰ ਮਿਲ ਕੇ ਉਹ ਖ਼ੁਸ਼ ਹਨ ਪਰ ਇਸ ਗੱਲ ਦਾ ਦੁੱਖ ਵੀ ਹੈ ਕਿ ਇੰਨਾ ਖਰਚਾ ਕਰ ਕੇ ਜਦੋਂ ਹੁਣ ਐੱਮਬੀਬੀਐੱਸ ਦੀ ਡਿਗਰੀ ਲੈਣ ਵਿਚ ਕੁਝ ਮਹੀਨੇ ਹੀ ਬਚੇ ਸਨ ਤਾਂ ਇਸ ਜੰਗ ਨੇ ਉਨ੍ਹਾਂ ਦੇ ਸੁਫ਼ਨਿਆਂ ’ਤੇ ਪਾਣੀ ਫੇਰ ਦਿੱਤਾ ਹੈ।
ਸ਼ਿਵਾਨੀ ਨੇ ਦੱਸਿਆ ਕਿ ਉਸ ਨਾਲ ਦੋ ਹੋਰ ਪੰਜਾਬੀ ਵਿਦਿਆਰਥੀ ਆਏ ਹਨ, ਜਿਨ੍ਹਾਂ ਵਿਚ ਇਕ ਕਪੂਰਥਲਾ ਦੀ ਰਹਿਣ ਵਾਲੀ ਈਸ਼ਾ ਗਾਂਧੀ ਤੇ ਫਿਲੌਰ ਦਾ ਰਹਿਣ ਵਾਲਾ ਮਨਿੰਦਰ ਸ਼ਾਮਲ ਹੈ। ਮਨਿੰਦਰ ਨੇ ਦੱਸਿਆ ਕਿ ਉਹ ਕੀਵ ਵਿਚ ਰਹਿੰਦਾ ਸੀ ਤੇ ਮੈਨੇਜਮੈਂਟ ਦੀ ਪੜ੍ਹਾਈ ਕਰਨ ਲਈ ਪਿਛਲੇ ਸਾਲ 13 ਅਕਤੂਬਰ ਨੂੰ ਕੀਵ ਗਿਆ ਸੀ। ਕੀਵ ’ਤੇ ਪਹਿਲਾ ਹਮਲਾ 23 ਫਰਵਰੀ ਨੂੰ ਹੋ ਗਿਆ ਸੀ ਤੇ ਅਗਲੇ ਦਿਨ ਹੀ ਉਹ ਆਪਣੇ ਦੋਸਤਾਂ ਨਾਲ ਸ਼ਹਿਰ ਤੋਂ ਬਾਹਰ ਨਿਕਲ ਗਿਆ। ਉਹ ਹੰਗਰੀ ਰਾਹੀਂ ਭਾਰਤ ਪੁੱਜਿਆ ਹੈ। ਇਸੇ ਦੌਰਾਨ ਬਲਾਚੌਰ ਦੇ ਸਾਹਿਬ ਪਿੰਡ ਦੀ ਰਹਿਣ ਵਾਲੀ ਲੜਕੀ ਸ਼ੈਫਾਲੀ ਸ਼ਰਮਾ ਵੀ ਬੀਤੇ ਦਿਨ ਘਰ ਪਹੁੰਚ ਗਈ ਹੈ।