ਨਵੀਂ ਦਿੱਲੀ, 25 ਨਵੰਬਰ

48ਵੇਂ ਕੌਮਾਂਤਰੀ ਐਮੀ ਐਵਾਰਡਜ਼ ਵਿੱਚ ‘ਦੇਹਲੀ ਕ੍ਰਾਈਮ’ ਵੈੱਬ ਸੀਰੀਜ਼ ਨੇ ਸਰਵੋਤਮ ਡਰਾਮਾ ਸੀਰੀਜ਼ ਐਵਾਰਡ ਜਿੱਤਿਆ ਹੈ। ‘ਦੇਹਲੀ ਕ੍ਰਾਈਮ’ ਕੌਮਾਂਤਰੀ ਐਮੀ ਐਵਾਰਡ ਜਿੱਤਣ ਵਾਲਾ ਪਹਿਲਾ ਭਾਰਤੀ ਪ੍ਰੋਗਰਾਮ ਹੈ। ਕੋਵਿਡ-19 ਕਾਰਨ ਇਸ ਵਾਰ ਐਵਾਰਡ ਸਮਾਗਮ ਵਰਚੁਅਲ ਤਰੀਕੇ ਨਾਲ ਕੀਤਾ ਗਿਆ।

ਕੌਮਾਂਤਰੀ ਐਮੀ ਐਵਾਰਡਜ਼ ਦੇ ਟਵਿੱਟਰ ਪੇਜ ’ਤੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਲਿਖਿਆ ਗਿਆ ਹੈ, ‘ਡਰਾਮਾ ਸੀਰੀਜ਼ ਲਈ ਇੰਟਰਨੈਸ਼ਨਲ ਐਮੀ ‘ਦੇਹਲੀ ਕ੍ਰਾਈਮ’ ਨੂੰ ਜਾਂਦਾ ਹੈ, ਜਿਸ ਨੂੰ ਗੋਲਡਨ ਕਾਰਵਾਂ, ਐੱਸਕੇਗਲੋਬਲੈਂਟ ਤੇ ਨੈੱਟਫਲਿਕਸ ਨੇ ਪ੍ਰੋਡਿਊਸ ਕੀਤਾ ਹੈ।’ ਇਸ ਦੇ ਨਾਲ ਹੀ ਇੰਡੀਆ, ਆਈਐਮੀ ਨੂੰ ਵੀ ਟੈਗ ਕੀਤਾ ਗਿਆ ਹੈ। ਲੇਖਕ-ਨਿਰਦੇਸ਼ਕ ਰਿਚੀ ਮਹਿਤਾ ਦੀ ਇਸ ਸੀਰੀਜ਼ ਵਿੱਚ  ਸ਼ੇਫਾਲੀ ਸ਼ਾਹ ਨੇ ਡੀਸੀਪੀ ਵਰਤਿਕਾ ਚਤੁਰਵੇਦੀ ਦੀ ਮੁੱਖ ਭੂਮਿਕਾ ਨਿਭਾਈ ਹੈ। ਇਸ ਵਿੱਚ ਦਸੰਬਰ 2012 ਦੇ ਦਿੱਲੀ ਸਮੂਹਿਕ ਜਬਰ-ਜਨਾਹ ਦੀ ਘਟਨਾ ਦੀ ਜਾਂਚ ਦੀ ਕਹਾਣੀ ਦਿਖਾਈ ਗਈ ਹੈ।