ਗਾਂਧੀਨਗਰ, 29 ਜੁਲਾਈ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਦੇਸ਼ ’ਚ ਸੈਮੀਕੰਡਕਟਰ ਨਿਰਮਾਣ ਪਲਾਂਟ ਸਥਾਪਿਤ ਕਰਨ ਲਈ ਤਕਨਾਲੋਜੀ ਕੰਪਨੀਆਂ ਨੂੰ 50 ਫ਼ੀਸਦੀ ਵਿੱਤੀ ਸਹਾਇਤਾ ਦਿੱਤੀ ਜਾਵੇਗੀ। ਮੋਦੀ ਨੇ ਐਲਾਨ ਕੀਤਾ ਕਿ ਉਨ੍ਹਾਂ ਦੀ ਸਰਕਾਰ ਨੇ ਸੈਮੀਕੰਡਕਟਰ ਸਨਅਤਾਂ ਲਈ ਮੁਲਕ ਦੇ ਦਰ ਖੋਲ੍ਹ ਦਿੱਤੇ ਹਨ। ਪ੍ਰਧਾਨ ਮੰਤਰੀ ਨੇ ਗਾਂਧੀਨਗਰ ’ਚ ‘ਸੈਮੀਕੋਨ ਇੰਡੀਆ 2023’ ਕਾਨਫਰੰਸ ਦਾ ਉਦਘਾਟਨ ਕਰਨ ਤੋਂ ਬਾਅਦ ਕਿਹਾ ਕਿ ਸੈਮੀਕੰਡਕਟਰ ਸਨਅਤ ਦੇ ਵਿਕਾਸ ਲਈ ਪੂਰਾ ਮਾਹੌਲ ਤਿਆਰ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਚੌਥਾ ਸਨਅਤੀ ਇਨਕਲਾਬ ਭਾਰਤ ਦੀਆਂ ਖਾਹਿਸ਼ਾਂ ’ਤੇ ਆਧਾਰਿਤ ਨਜ਼ਰ ਆਉਂਦਾ ਹੈ। ‘ਅਸੀਂ ਸੈਮੀਕੋਨ ਇੰਡੀਆ ਪ੍ਰੋਗਰਾਮ ਤਹਿਤ ਰਾਹਤਾਂ ਦੀ ਪੇਸ਼ਕਸ਼ ਕਰ ਰਹੇ ਸੀ। ਹੁਣ ਇਸ ਨੂੰ ਹੋਰ ਵਧਾ ਦਿੱਤਾ ਗਿਆ ਹੈ ਅਤੇ ਤਕਨਾਲੋਜੀ ਕੰਪਨੀਆਂ ਨੂੰ ਭਾਰਤ ’ਚ ਸੈਮੀਕੰਡਕਟਰ ਨਿਰਮਾਣ ਪਲਾਂਟ ਸਥਾਪਤ ਕਰਨ ਲਈ 50 ਫ਼ੀਸਦੀ ਵਿੱਤੀ ਸਹਾਇਤਾ ਮਿਲੇਗੀ।’ ਮੋਦੀ ਨੇ ਕਿਹਾ ਕਿ ਭਾਰਤ ’ਚ ਸੈਮੀਕੰਡਕਟਰ ਸਨਅਤ ਤੇਜ਼ੀ ਨਾਲ ਵਿਕਾਸ ਕਰੇਗੀ। ਉਨ੍ਹਾਂ ਕਿਹਾ,‘‘ਇਕ ਸਾਲ ਪਹਿਲਾਂ ਲੋਕ ਪੁੱਛਦੇ ਸਨ ਕਿ ਉਨ੍ਹਾਂ ਨੂੰ ਭਾਰਤ ਦੇ ਸੈਮੀਕੰਡਕਟਰ ਸੈਕਟਰ ’ਚ ਨਿਵੇਸ਼ ਕਿਉਂ ਕਰਨਾ ਚਾਹੀਦਾ ਹੈ ਅਤੇ ਹੁਣ ਉਹ ਹੀ ਪੁੱਛਦੇ ਹਨ ਕਿ ਭਾਰਤ ’ਚ ਨਿਵੇਸ਼ ਕਿਉਂ ਨਹੀਂ ਕਰਨਾ ਚਾਹੀਦਾ ਹੈ।’’ ਉਨ੍ਹਾਂ ਕਿਹਾ ਕਿ ਦੁਨੀਆ ਨੂੰ ਇਕ ਭਰੋਸੇਮੰਦ ਚਿਪ ਸਪਲਾਈ ਚੇਨ ਦੀ ਲੋੜ ਹੈ। ਮੋਦੀ ਨੇ ਕਿਹਾ ਕਿ ਸੈਮੀਕੰਡਕਟਰ ਡਿਜ਼ਾਈਨ ਬਾਰੇ ਪਾਠਕ੍ਰਮ ਸ਼ੁਰੂ ਕਰਨ ਲਈ ਮੁਲਕ ’ਚ 300 ਕਾਲਜਾਂ ਦੀ ਪਛਾਣ ਕੀਤੀ ਗਈ ਹੈ ਅਤੇ ਉਮੀਦ ਹੈ ਕਿ ਅਗਲੇ ਪੰਜ ਸਾਲਾਂ ’ਚ ਇਕ ਲੱਖ ਤੋਂ ਜ਼ਿਆਦਾ ਡਿਜ਼ਾਈਨ ਇੰਜਨੀਅਰ ਹੋਣਗੇ। ਇਸ ਸੈਕਟਰ ਲਈ ਬਿਜਲੀ ਦੀ ਲੋੜ ਦਾ ਜ਼ਿਕਰ ਕਰਦਿਆਂ ਮੋਦੀ ਨੇ ਕਿਹਾ ਕਿ ਦੇਸ਼ ਦੀ ਸਥਾਪਿਤ ਸੂਰਜੀ ਊਰਜਾ ਸਮਰੱਥਾ ਪਿਛਲੇ ਦਹਾਕੇ ’ਚ 20 ਗੁਣਾ ਵਧ ਗਈ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਕਈ ਪੁਰਾਣੇ ਕਾਨੂੰਨਾਂ ਅਤੇ ਨੇਮਾਂ ਨੂੰ ਖ਼ਤਮ ਕਰ ਦਿੱਤਾ ਹੈ ਤਾਂ ਜੋ ਕਾਰੋਬਾਰ ਸੁਖਾਲੇ ਢੰਗ ਨਾਲ ਕੀਤਾ ਜਾ ਸਕੇ। ਇਸ ਦੌਰਾਨ ਪ੍ਰਧਾਨ ਮੰਤਰੀ ਨੇ ਫੌਕਸਕੌਨ ਦੇ ਚੇਅਰਮੈਨ ਯੰਗ ਲਿਯੂ, ਵੇਦਾਂਤਾ ਦੇ ਚੇਅਰਮੈਨ ਅਨਿਲ ਅਗਰਵਾਲ ਸਮੇਤ ਹੋਰ ਕਈ ਸਨਅਤਾਂ ਦੇ ਅਧਿਕਾਰੀਆਂ ਨਾਲ ਵੀ ਮੁਲਾਕਾਤ ਕੀਤੀ।