ਨਵੀਂ ਦਿੱਲੀ, 23 ਦਸੰਬਰ
ਦੇਸ਼ ਦੇ 16 ਸੂਬਿਆਂ ਤੇ ਯੂਟੀਜ਼ ਵਿੱਚ ਓਮੀਕਰੋਨ ਕੇਸਾਂ ਦੀ ਕੁੱਲ ਗਿਣਤੀ 236 ਹੋ ਗਈ ਹੈ। ਇਨ੍ਹਾਂ ਵਿੱਚੋਂ 104 ਲੋਕ ਸਿਹਤਮੰਦ ਵੀ ਹੋਏ ਹਨ। ਇਹ ਜਾਣਕਾਰੀ ਸਿਹਤ ਮੰਤਰਾਲੇ ਵੱਲੋਂ ਵੀਰਵਾਰ ਨੂੰ ਅਪਡੇਟ ਕੀਤੇ ਡਾਟਾ ਰਾਹੀਂ ਮਿਲੀ ਹੈ। ਵੇਰਵਿਆਂ ਅਨੁਸਾਰ ਮਹਾਰਾਸ਼ਟਰ ਵਿੱਚ ਓਮੀਕਰੋਨ ਦੇ ਸਭ ਤੋਂ ਵਧ 65 ਕੇਸ ਸਾਹਮਣੇ ਆਏ ਹਨ ਜਦੋਂ ਕਿ ਦਿੱਲੀ ਵਿੱਚ 64, ਤੇਲੰਗਾਨਾ ਵਿੱਚ 24, ਕਰਨਾਟਕ ਵਿੱਚ 19, ਰਾਜਸਥਾਨ ਵਿੱਚ 21 ਤੇ ਕੇਰਲ ਵਿੱਚ 15 ਕੇਸ ਸਾਹਮਣੇ ਆਏ ਹਨ। ਇਸੇ ਦੌਰਾਨ ਦੇਸ਼ ਵਿੱਚ ਅੱਜ ਸਵੇਰੇ 8 ਵਜੇ ਤਕ ਕਰੋਨਾਵਾਇਰਸ ਦੇ 7,495 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਤਰ੍ਹਾਂ ਕਰੋਨਾ ਕੇਸਾਂ ਦੀ ਕੁੱਲ ਗਿਣਤੀ 3,47,65,976 ਹੋ ਗਈ ਹੈ ਤੇ ਐਕਟਿਵ ਕੇਸਾਂ ਦੀ ਗਿਣਤੀ 78,291 ਹੈ।