ਅੰਮ੍ਰਿਤਸਰ, ਸਿੱਖ ਪ੍ਰਚਾਰਕ ਰਣਜੀਤ ਸਿੰਘ ਢੱਡਰੀਆਂ ਵਾਲਾ ਵੱਲੋਂ ਸਿੱਖੀ ਬਾਰੇ ਗੁਰਬਾਣੀ ਤੋਂ ਹਟ ਕੇ ਪ੍ਰਚਾਰ ਕਰਨ ਦਾ ਮਾਮਲਾ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਪੁੱਜ ਗਿਆ ਹੈ। ਭਾਰਤ ਸਮੇਤ ਵੱਖ-ਵੱਖ ਮੁਲਕਾਂ ਦੀਆਂ ਸਿੱਖ ਪ੍ਰਚਾਰਕ ਜਥੇਬੰਦੀਆਂ ਨੇ ਅੱਜ ਇੱਥੇ ਸ੍ਰੀ ਅਕਾਲ ਤਖ਼ਤ ਦੇ ਸਕੱਤਰੇਤ ਵਿਖੇ ਇਸ ਸਬੰਧੀ ਸ਼ਿਕਾਇਤ ਪੱਤਰ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਸੌਂਪੇ ਹਨ। ਸ੍ਰੀ ਅਕਾਲ ਤਖ਼ਤ ਵੱਲੋਂ ਇਹ ਮਾਮਲਾ ਪੰਜ ਸਿੰਘ ਸਾਹਿਬਾਨ ਦੀ ਇਸ ਮਹੀਨੇ ਹੋਣ ਵਾਲੀ ਇਕੱਤਰਤਾ ਵਿਚ ਵਿਚਾਰਨ ਦਾ ਭਰੋਸਾ ਦਿੱਤਾ ਗਿਆ ਹੈ।
ਦੇਸ਼ ਵਿਦੇਸ਼ ਤੋਂ ਆਏ ਸਿੱਖ ਪ੍ਰਚਾਰਕ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਦੋਸ਼ ਲਾਇਆ ਕਿ ਰਣਜੀਤ ਸਿੰਘ ਢੱਡਰੀਆਂ ਵਾਲਾ ਵੱਲੋਂ ਸਿੱਖੀ ਬਾਰੇ ਗੁਰਬਾਣੀ ਤੋਂ ਹਟ ਕੇ ਗ਼ਲਤ ਪ੍ਰਚਾਰ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਮਾਈ ਭਾਗੋ ਬਾਰੇ ਕੀਤੇ ਗਏ ਕੁਝ ਇਤਰਾਜ਼ਯੋਗ ਪ੍ਰਚਾਰ ਬਾਰੇ ਵੀ ਜਥੇਦਾਰ ਨੂੰ ਜਾਣੂ ਕਰਾਇਆ। ਇਨ੍ਹਾਂ ਪ੍ਰਚਾਰਕਾਂ ਨੇ ਅਪੀਲ ਕੀਤੀ ਕਿ ਇਸ ਮਾਮਲੇ ਵਿਚ ਉਸ ਖ਼ਿਲਾਫ਼ ਪੰਥਕ ਰਵਾਇਤਾਂ ਅਨੁਸਾਰ ਕਾਰਵਾਈ ਕੀਤੀ ਜਾਵੇ। ਗਿਆਨੀ ਹਰਪ੍ਰੀਤ ਸਿੰਘ ਨੇ ਆਖਿਆ ਕਿ ਸ਼ਿਕਾਇਤਾਂ ਨੂੰ ਪੰਜ ਸਿੰਘ ਸਾਹਿਬਾਨ ਦੀ ਹੋਣ ਵਾਲੀ ਇਕੱਤਰਤਾ ਵਿਚ ਵਿਚਾਰਿਆ ਜਾਵੇਗਾ। ਇਹ ਇਕੱਤਰਤਾ ਇਸੇ ਮਹੀਨੇ ਹੋਣ ਦੀ ਸੰਭਾਵਨਾ ਹੈ।
ਇਹ ਸ਼ਿਕਾਇਤ ਪੱਤਰ ਦੇਣ ਵਾਲਿਆਂ ਵਿਚ ਇਟਲੀ, ਨਿਊਜ਼ੀਲੈਂਡ, ਇੰਗਲੈਂਡ, ਕੈਨੇਡਾ ਤੇ ਹੋਰ ਮੁਲਕਾਂ ਦੀਆਂ ਜਥੇਬੰਦੀਆਂ ਦੇ ਨੁਮਾਇੰਦੇ ਸ਼ਾਮਲ ਸਨ। ਇਨ੍ਹਾਂ ਤੋਂ ਇਲਾਵਾ ਗਿਆਨੀ ਕੁਲਵੰਤ ਸਿੰਘ ਲੁਧਿਆਣਾ, ਗਿਆਨੀ ਸਤਨਾਮ ਸਿੰਘ ਖਡੂਰ ਸਾਹਿਬ, ਜਥਾ ਅੰਮ੍ਰਿਤ ਸੰਚਾਰ ਯੂਕੇ, ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ, ਇਟਲੀ, ਨੈਸ਼ਨਲ ਸਿੱਖ ਧਰਮ ਪ੍ਰਚਾਰ ਕਮੇਟੀ ਇਟਲੀ, ਗੁਰਦੁਆਰਾ ਗੁਰੂ ਹਰਿਗੋਬਿੰਦ ਸਾਹਿਬ ਆਕਲੈਂਡ, ਗੁਰਦੁਆਰਾ ਗੁਰੂ ਅਮਰਦਾਸ ਸਾਹਿਬ ਨਿਊਜ਼ੀਲੈਂਡ, ਗੁਰਦੁਆਰਾ ਗੁਰੂ ਨਾਨਕ ਪ੍ਰਕਾਸ਼ ਕੈਲੇਫੋਰਨੀਆ, ਗੁਰਦੁਆਰਾ ਗੁਰਮਤਿ ਪ੍ਰਕਾਸ਼ ਮੋਨਟੀਕਾ, ਕੈਪੀਟਲ ਸਿੱਖ ਸੈਂਟਰ, ਪਟਿਆਲਾ, ਕੁਰੂਕਸ਼ੇਤਰ, ਕੇਸਗੜ੍ਹ ਸਾਹਿਬ ਤੇ ਹੋਰ ਥਾਵਾਂ ਤੋਂ ਸਿੱਖ ਪ੍ਰਚਾਰਕ ਪੁੱਜੇ ਹੋਏ ਸਨ।
ਇਸ ਮੌਕੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਵੀ ਹਾਜ਼ਰ ਸਨ। ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਆਖਿਆ ਕਿ ਗੁਰੂ ਨਾਨਕ ਦੇਵ ਦਾ 550 ਸਾਲਾ ਪ੍ਰਕਾਸ਼ ਪੁਰਬ ਸਮੁੱਚੀ ਕੌਮ ਨੂੰ ਇਕਜੁੱਟ ਹੋ ਕੇ ਮਨਾਉਣਾ ਚਾਹੀਦਾ ਹੈ। ਇਸ ਸਬੰਧੀ ਸ਼੍ਰੋਮਣੀ ਕਮੇਟੀ ਅਤੇ ਪੰਜਾਬ ਸਰਕਾਰ ਵਿਚਾਲੇ ਚਲ ਰਹੇ ਮੱਤਭੇਦਾਂ ਬਾਰੇ ਉਨ੍ਹਾਂ ਆਖਿਆ ਕਿ ਜੇ ਲੋੜ ਪਈ ਤਾਂ ਸ੍ਰੀ ਅਕਾਲ ਤਖ਼ਤ ਵੱਲੋਂ ਇਸ ਮਾਮਲੇ ਵਿਚ ਮੁੜ ਦਖ਼ਲਅੰਦਾਜ਼ੀ ਕੀਤੀ ਜਾਵੇਗੀ ਪਰ ਫਿਲਹਾਲ ਤਾਲਮੇਲ ਕਮੇਟੀ ਦੀਆਂ ਮੀਟਿੰਗਾਂ ਜਾਰੀ ਹਨ।
ਮੀਟਿੰਗਾਂ ਮਗਰੋਂ ਤਾਲਮੇਲ ਕਮੇਟੀ ਦੀ ਜੋ ਰਿਪੋਰਟ ਹੋਵੇਗੀ, ਉਸ ਮੁਤਾਬਕ ਕਾਰਵਾਈ ਕੀਤੀ ਜਾਵੇਗੀ। ਗਾਇਕ ਕੇ.ਐੱਸ. ਮੱਖਣ ਵੱਲੋਂ ਕਕਾਰ ਉਤਾਰ ਕੇ ਵਾਪਸ ਕਰਨ ਦੀ ਕਾਰਵਾਈ ਨੂੰ ਉਨ੍ਹਾਂ ਅਣਉੱਚਿਤ ਕਰਾਰ ਦਿੰਦਿਆਂ ਆਖਿਆ ਕਿ ਕਕਾਰ ਗੁਰੂ ਵੱਲੋਂ ਸੌਂਪੇ ਗਏ ਹਨ ਅਤੇ ਗੁਰੂ ਸਾਹਿਬ ਨੇ ਇਸ ਵਿਅਕਤੀ ਨੂੰ ਕੋਈ ਮਾੜਾ ਚੰਗਾ ਨਹੀਂ ਬੋਲਿਆ ਹੈ। ਗਾਇਕ ਗੁਰਦਾਸ ਮਾਨ ਵੱਲੋਂ ਪੰਜਾਬੀ ਭਾਸ਼ਾ ਬਾਰੇ ਕੀਤੀ ਟਿੱਪਣੀ ਸਬੰਧੀ ਉਨ੍ਹਾਂ ਆਖਿਆ ਕਿ ਜਦੋਂ ਕੋਈ ਪੰਜਾਬੀ ਹਿਤੈਸ਼ੀ ਅਜਿਹੀ ਗੱਲ ਕਰਦਾ ਹੈ ਤਾਂ ਮਨਾਂ ਨੂੰ ਠੇਸ ਪੁੱਜਦੀ ਹੈ।