ਨਿਊਯਾਰਕ, 4 ਜੂਨ
ਕਾਂਗਰਸ ਆਗੂ ਰਾਹੁਲ ਗਾਂਧੀ ਨੇ ਅੱਜ ਇੱਥੇ ਕਿਹਾ ਕਿ ਕਰਨਾਟਕ ਚੋਣਾਂ ਵਿਚ ਮਿਲੀ ਜਿੱਤ ਤੋਂ ਬਾਅਦ ਉਨ੍ਹਾਂ ਦੀ ਪਾਰਟੀ ਹੁਣ ਭਾਜਪਾ ਨੂੰ ਤਿਲੰਗਾਨਾ ਤੇ ਹੋਰਾਂ ਸੂਬਾਈ ਚੋਣਾਂ ਵਿਚ ਵੀ ‘ਸਫ਼ਾਇਆ ਕਰੇਗੀ।’ ਉਨ੍ਹਾਂ ਕਿਹਾ ਕਿ ਇਹ ਕਾਂਗਰਸ ਪਾਰਟੀ ਨਹੀਂ, ਬਲਕਿ ਭਾਰਤ ਦੇ ਲੋਕ ਹਨ ਜੋ ਭਾਜਪਾ ਦੀ ਨਫ਼ਰਤ ਨਾਲ ਭਰੀ ਵਿਚਾਰਧਾਰਾ ਨੂੰ ਹਰਾਉਣ ਜਾ ਰਹੇ ਹਨ। ਇੱਥੇ ਇੰਡੀਅਨ ਓਵਰਸੀਜ਼ ਕਾਂਗਰਸ-ਯੂਐੱਸਏ ਵੱਲੋਂ ਕਰਵਾਏ ਇਕ ਸਮਾਗਮ ਵਿਚ ਰਾਹੁਲ ਨੇ ਕਿਹਾ, ‘ਅਸੀਂ ਕਰਨਾਟਕ ਵਿਚ ਦਿਖਾਇਆ ਹੈ ਕਿ ਅਸੀਂ ਭਾਜਪਾ ਨੂੰ ਹਰਾ ਸਕਦੇ ਹਾਂ…ਅਸੀਂ ਉਨ੍ਹਾਂ ਨੂੰ ਹਰਾਇਆ ਹੀ ਨਹੀਂ…ਬਲਕਿ ਉਨ੍ਹਾਂ ਦਾ ਸਫ਼ਾਇਆ ਕੀਤਾ ਹੈ।’ ਰਾਹੁਲ ਗਾਂਧੀ ਵਾਸ਼ਿੰਗਟਨ ਤੇ ਸਾਂ ਫਰਾਂਸਿਸਕੋ ਦੇ ਦੌਰੇ ਤੋਂ ਬਾਅਦ ਇੱਥੇ ਪੁੱਜੇ ਹਨ। ਉਹ ਮੈਨਹੱਟਨ ਦੇ ਜੈਵਿਟ ਸੈਂਟਰ ਵਿਚ ਵੀ ਇਕ ਇਕੱਠ ਨੂੰ ਸੰਬੋਧਨ ਕਰਨਗੇ। ਰਾਹੁਲ ਨੇ ਕਿਹਾ ਕਿ ਭਾਜਪਾ ਨੇ ਕਰਨਾਟਕ ਚੋਣਾਂ ਵਿਚ ‘ਹਰ ਹੱਥਕੰਡਾ ਅਪਣਾਇਆ, ਉਨ੍ਹਾਂ ਕੋਲ ਪੂਰਾ ਮੀਡੀਆ ਸੀ, ਸਾਡੇ ਨਾਲੋਂ ਦਸ ਗੁਣਾ ਵੱਧ ਪੈਸਾ ਸੀ, ਤੇ ਸਰਕਾਰ ਵੀ ਉਨ੍ਹਾਂ ਦੀ ਸੀ, ਏਜੰਸੀਆਂ ਵੀ ਉਨ੍ਹਾਂ ਦੇ ਕਾਬੂ ਵਿਚ ਸਨ, ਉਨ੍ਹਾਂ ਕੋਲ ਸਭ ਕੁਝ ਸੀ ਪਰ ਫਿਰ ਵੀ ਅਸੀਂ ਉਨ੍ਹਾਂ ਦਾ ਸਫ਼ਾਇਆ ਕਰ ਦਿੱਤਾ। ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਅਸੀਂ ਹੁਣ ਉਨ੍ਹਾਂ ਨੂੰ ਤਿਲੰਗਾਨਾ ਵਿਚ ਖ਼ਤਮ ਕਰਾਂਗੇ।’ ਅਗਾਮੀ ਚੋਣਾਂ ਤੋਂ ਬਾਅਦ ਤਿਲੰਗਾਨਾ ਵਿਚ ਭਾਜਪਾ ਨੂੰ ਲੱਭਣਾ ਮੁਸ਼ਕਲ ਹੋਵੇਗਾ। ਜ਼ਿਕਰਯੋਗ ਹੈ ਕਿ ਦੱਖਣ ਭਾਰਤੀ ਸੂਬੇ ਵਿਚ ਚੋਣਾਂ ਇਸੇ ਸਾਲ ਹੋਣੀਆਂ ਹਨ। ਰਾਹੁਲ ਦੇ ਸੰਬੋਧਨ ਮੌਕੇ ਅੱਜ ਕਾਂਗਰਸ ਦੇ ਸਮਰਥਕ, ਪਾਰਟੀ ਮੈਂਬਰ ਤੇ ਭਾਈਚਾਰੇ ਦੇ ਲੋਕ ਹਾਜ਼ਰ ਸਨ। ਇਸ ਮੌਕੇ ਨਿਊਯਾਰਕ ਸ਼ਹਿਰ ਦੇ ਮੇਅਰ ਐਰਿਕ ਐਡਮਜ਼ ਵੀ ਮੌਜੂਦ ਸਨ। ਰਾਹੁਲ ਨੇ ਕਿਹਾ ਕਿ ਰਾਜਸਥਾਨ, ਮੱਧ ਪ੍ਰਦੇਸ਼ ਤੇ ਛੱਤੀਗਸੜ੍ਹ ਵਿਚ ਵੀ ਕਾਂਗਰਸ ਭਾਜਪਾ ਦਾ ਹਾਲ ਕਰਨਾਟਕ ਵਰਗਾ ਕਰੇਗੀ। ਕਾਂਗਰਸ ਆਗੂ ਨੇ ਕਿਹਾ ਕਿ ਭਾਰਤ ਦੇ ਲੋਕ ਸਮਝ ਗਏ ਹਨ ਕਿ ਭਾਜਪਾ ਜਿਸ ਤਰ੍ਹਾਂ ਦੀ ਨਫ਼ਰਤ ਦੇਸ਼ ਵਿਚ ਫੈਲਾ ਰਹੀ ਹੈ, ਉਸ ਨਾਲ ਦੇਸ਼ ਅੱਗੇ ਨਹੀਂ ਵਧ ਸਕਦਾ। ਉਨ੍ਹਾਂ ਕਿਹਾ ਕਿ ਵਿਰੋਧੀ ਧਿਰ ਇਕਜੁੱਟ ਹੈ ਤੇ 2024 ਵਿਚ ਭਾਜਪਾ ਨੂੰ ਮਾਤ ਦਿੱਤੀ ਜਾਵੇਗੀ। ਉਨ੍ਹਾਂ ਦੁਹਰਾਇਆ ਕਿ ਇਹ ਵਿਚਾਰਧਾਰਾਵਾਂ ਦੀ ਜੰਗ ਹੈ।