ਮੁੰਬਈ, 9 ਅਪਰੈਲ

ਬੌਲੀਵੁੱਡ ਅਦਾਕਾਰਾ ਕੰਗਨਾ ਰਣੌਤ ਨੇ ਅੱਜ ਸੋਸ਼ਲ ਮੀਡੀਆ ਰਾਹੀਂ ਭਾਰਤ ਲਈ ਆਪਣੇ ਪਿਆਰ ਦਾ ਇਜ਼ਹਾਰ ਕੀਤਾ। ਉਸ ਨੇ ਆਖਿਆ ਕਿ ਜੇਕਰ ਤੁਸੀਂ ਦੇਸ਼ ਤੇ ਲੋਕਾਂ ਦੀ ਭਲਾਈ ਲਈ ਕੰਮ ਕਰਨ ਦਾ ਸਾਹਸ ਦਿਖਾਉਂਦੇ ਹੋ ਤਾਂ ਤੁਸੀਂ ‘ਅਤਿ-ਰਾਸ਼ਟਰਵਾਦੀ’ ਹੁੰਦੇ ਹੋ। ਪੀਲੇ ਰੰਗ ਦੀ ਸਾੜੀ ਵਿੱਚ ਆਪਣੀ ਇੱਕ ਤਸਵੀਰ ਸਾਂਝੀ ਕਰਦਿਆਂ ਕੰਗਨਾ ਨੇ ਲਿਖਿਆ, ‘ਜੇਕਰ ਤੁਸੀਂ ਆਪਣੇ ਮੁਲਕ ਨੂੰ ਪਿਆਰ ਕਰਦੇ ਹੋ ਤਾਂ ਤੁਸੀਂ ਰਾਸ਼ਟਰਵਾਦੀ ਹੋ। ਜੇਕਰ ਤੁਸੀਂ ਆਪਣੇ ਮੁਲਕ ਬਾਰੇ ਸੋਚਦੇ ਹੋ, ਤੁਹਾਡਾ ਹਰ ਕਦਮ ਦੇਸ਼ ਦੀ ਭਲਾਈ ਲਈ ਹੈ ਅਤੇ ਜੇਕਰ ਤੁਸੀਂ ਆਪਣੇ ਕਮਾਏ ਪੈਸੇ ਨਾਲ ਲੋਕਾਂ ਦਾ ਭਲਾ ਕਰਨਾ ਚਾਹੁੰਦੇ ਹੋ ਤਾਂ ਤੁਸੀਂ ‘ਅਤਿ-ਰਾਸ਼ਟਰਵਾਦੀ’ ਹੋ।’ ਦੱਸਣਯੋਗ ਹੈ ਕਿ ਬੀਤੇ ਦਿਨ ਕੰਗਨਾ ਨੇ ਟਵੀਟ ਕਰ ਕੇ ਦਾਅਵਾ ਕੀਤਾ ਸੀ ਕਿ ਉਸ ਦੀ ਆਉਣ ਵਾਲੀ ਫਿਲਮ ‘ਥਲਾਇਵੀ’ ਦੇ ਟਰੇਲਰ ਦੀ ਤਾਰੀਫ਼ ਲਈ ਅਕਸ਼ੈ ਕੁਮਾਰ ਤੇ ਹੋਰ ਕਈ ਸਿਤਾਰਿਆਂ ਨੇ ਉਸ ਨੂੰ ਫੋਨ ਕੀਤੇ ਹਨ, ਜਿਸ ਦੀ ਖ਼ੂੁਬ ਚਰਚਾ ਹੋਈ ਸੀ। ਇਸ ਫਿਲਮ ਵਿੱਚ ਕੰਗਨਾ ਤਾਮਿਲ ਨਾਡੂ ਦੀ ਮਰਹੂਮ ਸਾਬਕਾ ਮੁੱਖ ਮੰਤਰੀ ਜੇ. ਜੈਲਲਿਤਾ ਦਾ ਕਿਰਦਾਰ ਨਿਭਾ ਰਹੀ ਹੈ। ਇਹ ਫਿਲਮ ਹਿੰਦੀ, ਤਾਮਿਲ ਤੇ ਤੇਲਗੂ ਭਾਸ਼ਾ ਵਿੱਚ ਰਿਲੀਜ਼ ਹੋਵੇਗੀ। ਇਸ ਤੋਂ ਇਲਾਵਾ ਉਹ ਫਿਲਮ ‘ਤੇਜਸ’ ਦੀ ਸ਼ੂਟਿੰਗ ਵੀ ਕਰ ਰਹੀ ਹੈ।