ਨਵੀਂ ਦਿੱਲੀ, 21 ਅਕਤੂਬਰ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਦੇਸ਼ ਕੋਲ ਹੁਣ ਪਿਛਲੇ 100 ਸਾਲਾਂ ਦੀ ਸਭ ਤੋਂ ਵੱਡੀ ਵਿਸ਼ਵਵਿਆਪੀ ਮਹਾਂਮਾਰੀ ਦਾ ਮੁਕਾਬਲਾ ਕਰਨ ਲਈ ਟੀਕਿਆਂ ਦੀਆਂ 100 ਕਰੋੜ ਖੁਰਾਕਾਂ ਦੀ ਮਜ਼ਬੂਤ ‘ਸੁਰੱਖਿਆ ਛਤਰੀ ਹੈ। ਭਾਰਤ ਵਿੱਚ ਕੋਵਿਡ-19 ਟੀਕਿਆਂ ਦੀਆਂ ਹੁਣ ਤੱਕ ਦਿੱਤੀਆਂ ਗਈਆਂ ਖੁਰਾਕਾਂ ਦੀ ਗਿਣਤੀ ਵੀਰਵਾਰ ਨੂੰ 100 ਕਰੋੜ ਨੂੰ ਪਾਰ ਕਰ ਗਈ। ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਜ਼ (ਏਮਜ਼) ਨਵੀਂ ਦਿੱਲੀ ਦੇ ਝੱਜਰ ਕੈਂਪਸ ਵਿੱਚ ਨੈਸ਼ਨਲ ਕੈਂਸਰ ਇੰਸਟੀਚਿਊਟ (ਐੱਨਸੀਆਈ) ਵਿਖੇ ਇਨਫੋਸਿਸ ਫਾਊਂਡੇਸ਼ਨ ਵਿਸ਼ਰਾਮ ਸਦਨ ਦਾ ਉਦਘਾਟਨ ਕਰਨ ਤੋਂ ਬਾਅਦ ਸ੍ਰੀ ਮੋਦੀ ਨੇ ਵੀਡੀਓ ਕਾਨਫਰੰਸ ਰਾਹੀਂ ਕਿਹਾ, ‘21 ਅਕਤੂਬਰ 2021 ਦਾ ਇਹ ਦਿਨ ਇਤਿਹਾਸਕ ਹੈ। ਇਸ ਦਿਨ ਭਾਰਤ ਨੇ ਟੀਕਿਆਂ ਦੀਆਂ 100 ਕਰੋੜ ਖੁਰਾਕਾਂ ਦੇਣ ਦਾ ਅੰਕੜਾ ਪਾਰ ਕੀਤਾ ਹੈ।’