ਮੈਲਬਰਨ, 30 ਦਸੰਬਰ
ਭਾਰਤ ਨੇ ਆਸਟਰੇਲੀਆ ਨੂੰ ਦੂਜੇ ਟੈਸਟ ਮੈਚ ਦੇ ਚੌਥੇ ਦਿਨ ਅੱਠ ਵਿਕਟਾਂ ਨਾਲ ਹਰਾ ਦਿੱਤਾ। ਇਸ ਜਿੱਤ ਨਾਲ ਭਾਰਤ ਨੇ ਚਾਰ ਮੈਚਾਂ ਦੀ ਲੜੀ 1-1 ਨਾਲ ਬਰਾਬਰ ਕਰ ਦਿੱਤੀ ਹੈ। ਆਸਟਰੇਲੀਆ ਦੀ ਟੀਮ ਅੱਜ ਦੂਜੀ ਪਾਰੀ ਵਿਚ 200 ਦੌੜਾਂ ’ਤੇ ਹੀ ਆਊਟ ਹੋ ਗਈ ਤੇ ਭਾਰਤ ਨੂੰ ਜਿੱਤ ਲਈ 70 ਦੌੜਾਂ ਦੀ ਲੋੜ ਸੀ ਜੋ ਉਸ ਨੇ ਦੋ ਵਿਕਟਾਂ ਦੇ ਨੁਕਸਾਨ ’ਤੇ ਹੀ ਬਣਾ ਲਈਆਂ। ਭਾਰਤ ਦੀਆਂ ਦੋ ਵਿਕਟਾਂ ਜਲਦੀ ਡਿੱਗ ਗਈਆਂ, ਮਿਯੰਕ ਅਗਰਵਾਲ ਪੰਜ ਤੇ ਚੇਤੇਸ਼ਵਰ ਪੁਜਾਰਾ ਤਿੰਨ ਦੌੜਾਂ ਬਣਾ ਕੇ ਆਊਟ ਹੋਏ ਜਦਕਿ ਕਪਤਾਨ ਅਜਿੰਕਿਆ ਰਹਾਣੇ ਤੇ ਸ਼ੁਭਮਨ ਗਿੱਲ ਨੇ ਟੀਮ ਨੂੰ ਜਿੱਤ ਦਿਵਾਈ। ਉਹ ਦੋਵੇਂ ਕ੍ਰਮਵਾਰ 27 ਤੇ 35 ਦੌੜਾਂ ਬਣਾ ਕੇ ਨਾਬਾਦ ਰਹੇ। ਇਸ ਤੋਂ ਪਹਿਲਾਂ ਆਸਟਰੇਲੀਆ ਨੇ ਬੀਤੇ ਦਿਨ ਦੀਆਂ 6 ਵਿਕਟਾਂ ਦੇ ਨੁਕਸਾਨ ’ਤੇ 133 ਦੌੜਾਂ ਤੋਂ ਅੱਗੇ ਖੇਡਣਾ ਸ਼ੁਰੂ ਕੀਤਾ ਤੇ ਛੇੇਵੇਂ ਨੰਬਰ ’ਤੇ ਆਏ ਕੈਮਰੂਨ ਗਰੀਨ ਨੇ ਟੀਮ ਵਲੋਂ ਸਭ ਤੋਂ ਵੱਧ 45 ਦੌੜਾਂ ਬਣਾਈਆਂ ਜਦਕਿ ਮੈਥਿਊ ਵੇਡ ਨੇ 40 ਦੌੜਾਂ ਦਾ ਯੋਗਦਾਨ ਦਿੱਤਾ। ਭਾਰਤ ਵਲੋਂ ਮੁਹੰਮਦ ਸਿਰਾਜ ਨੇ 37 ਦੌੜਾਂ ਦੇ ਕੇ ਤਿੰਨ, ਰਵਿੰਦਰ ਜਡੇਜਾ ਨੇ 28 ਦੌੜਾਂ ਦੇ ਕੇ ਦੋ ਤੇ ਜਸਪ੍ਰੀਤ ਬੁਮਰਾਹ ਨੇ 54 ਦੌੜਾਂ ਦੇ ਕੇ ਦੋ ਵਿਕਟਾਂ ਹਾਸਲ ਕੀਤੀਆਂ। ਆਸਟਰੇਲੀਆ ਨੇ ਪਹਿਲੀ ਪਾਰੀ ਵਿਚ 195 ਤੇ ਦੂਜੀ ਪਾਰੀ ਵਿਚ 200 ਦੌੜਾਂ ਬਣਾਈਆਂ ਜਦਕਿ ਭਾਰਤ ਨੇ ਪਹਿਲੀ ਪਾਰੀ ਵਿਚ 326 ਤੇ ਦੂਜੀ ਪਾਰੀ ਵਿਚ ਦੋ ਵਿਕਟਾਂ ਦੇ ਨੁਕਸਾਨ ਨਾਲ 70 ਦੌੜਾਂ ਬਣਾਈਆਂ। ਦੂਜੇ ਪਾਸੇ ਆਸਟਰੇਲੀਆ ਨੂੰ ਹੌਲੀ ਗਤੀ ਨਾਲ ਓਵਰ ਕਰਨ ’ਤੇ ਮੈਚ ਫੀਸ ਦਾ 40 ਫੀਸਦੀ ਜੁਰਮਾਨਾ ਲਾਇਆ ਗਿਆ ਹੈ।