ਮੁੰਬਈ, 6 ਦਸੰਬਰ
ਭਾਰਤ ਨੇ ਨਿਊਜ਼ੀਲੈਂਡ ਖਿਲਾਫ਼ ਦੂਜਾ ਟੈਸਟ ਕ੍ਰਿਕਟ ਮੈਚ ਰਿਕਾਰਡ 372 ਦੌੜਾਂ ਨਾਲ ਜਿੱਤ ਲਿਆ ਹੈ। ਇਸ ਜਿੱਤ ਨਾਲ ਭਾਰਤ ਨੇ ਦੋ ਟੈਸਟ ਮੈਚਾਂ ਦੀ ਲੜੀ 1-0 ਨਾਲ ਆਪਣੇ ਨਾਮ ਕਰ ਲਈ ਹੈ। ਕਾਨਪੁਰ ਵਿੱਚ ਖੇਡਿਆ ਪਹਿਲਾ ਟੈਸਟ ਡਰਾਅ ਰਿਹਾ ਸੀ। ਦੂਜੀ ਪਾਰੀ ਵਿੱਚ ਜਿੱਤ ਲਈ 540 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਨਿਊਜ਼ੀਲੈਂਡ ਦੀ ਪੂਰੀ ਟੀਮ 56.3 ਓਵਰਾਂ ਵਿੱਚ 167 ਦੌੜਾਂ ’ਤੇ ਆਊਟ ਹੋ ਗਈ। ਭਾਰਤ ਲਈ ਅੱਜ ਚੌਥੇ ਦਿਨ ਜਯੰਤ ਯਾਦਵ ਨੇ ਚਾਰ ਤੇ ਇਕ ਵਿਕਟ ਰਵੀਚੰਦਰਨ ਅਸ਼ਵਿਨ ਦੇ ਹਿੱਸੇ ਆਈ। ਉਂਜ ਅਸ਼ਵਿਨ ਨੇ ਕੁੱਲ ਮਿਲਾ ਕੇ ਚਾਰ ਵਿਕਟਾਂ ਲਈਆਂ। ਇਕ ਵਿਕਟ ਅਕਸ਼ਰ ਪਟੇਲ ਨੂੰ ਮਿਲੀ ਤੇ ਇਕ ਖਿਡਾਰੀ ਰਨ ਆਊਟ ਹੋ ਗਿਆ। ਆਪਣੀ ਹੀ ਸਰਜ਼ਮੀਨ ’ਤੇ ਖੇਡਦਿਆਂ ਦੌੜਾਂ ਦੇ ਆਧਾਰ ’ਤੇ ਭਾਰਤ ਦੀ ਇਹ ਸਭ ਤੋਂ ਵੱਡੀ ਜਿੱਤ ਹੈ ਤੇ ਅਸ਼ਵਿਨ ਨੇ ਵੀ ਭਾਰਤੀ ਸਰਜ਼ਮੀਨ ’ਤੇ ਖੇਡਦਿਆਂ ਆਪਣੀਆਂ 300 ਵਿਕਟਾਂ ਪੂਰੀਆਂ ਕੀਤੀਆਂ।