ਲੰਡਨ, 30 ਨਵੰਬਰ
ਬਰਤਾਨੀਆ ਦੇ ਪ੍ਰਧਾਨ ਮੰਤਰੀ ਰਿਸ਼ੀ ਸੂਨਕ ਨੇ ਹਿੰਦ-ਪ੍ਰਸ਼ਾਂਤ ਖੇਤਰ ਨਾਲ ਸਬੰਧਾਂ ਨੂੰ ਮਜ਼ਬੂਤ ਕਰਨ ਵੱਲ ਵੱਧ ਧਿਆਨ ਦੇਣ ਦੀ ਯੋਜਨਾ ਤਹਿਤ ਭਾਰਤ ਨਾਲ ਮੁਕਤ ਵਪਾਰ ਸਮਝੌਤੇ (ਐੱਫਟੀਏ) ਨੂੰ ਲੈ ਕੇ ਆਪਣੇ ਦੇਸ਼ ਦੀ ਪ੍ਰਤੀਬੱਧਤਾ ਦੁਹਰਾਈ ਹੈ। ਪਿਛਲੇ ਮਹੀਨੇ 10, ਡਾਊਨਿੰਗ ਸਟ੍ਰੀਟ ’ਚ ਕਾਰਜਭਾਰ ਸੰਭਾਲਣ ਤੋਂ ਬਾਅਦ ਲੰਘੀ ਰਾਤ ਵਿਦੇਸ਼ ਨੀਤੀ ਬਾਰੇ ਆਪਣਾ ਪਹਿਲਾ ਭਾਸ਼ਣ ਦਿੰਦਿਆਂ ਬਰਤਾਨਵੀ-ਭਾਰਤੀ ਨੇਤਾ ਨੇ ਆਪਣੀ ਵਿਰਾਸਤ ਬਾਰੇ ਗੱਲ ਕੀਤੀ ਅਤੇ ‘ਆਜ਼ਾਦੀ ਤੇ ਖੁੱਲ੍ਹੇਪਣ’ ਬਾਰੇ ਬਰਤਾਨੀਆ ਦੀਆਂ ਕਦਰਾਂ-ਕੀਮਤਾਂ ਪ੍ਰਤੀ ਪ੍ਰਤੀਬੱਧਤਾ ਜ਼ਾਹਿਰ ਕੀਤੀ।
ਸੂਨਕ ਨੇ ਕਿਹਾ, ‘ਰਾਜਨੀਤੀ ’ਚ ਆਉਣ ਤੋਂ ਪਹਿਲਾਂ ਮੈਂ ਦੁਨੀਆ ਭਰ ਦੇ ਕਾਰੋਬਾਰ ’ਚ ਨਿਵੇਸ਼ ਕੀਤਾ ਅਤੇ ਹਿੰਦ-ਪ੍ਰਸ਼ਾਂਤ ’ਚ ਮੌਕੇ ਕਾਫੀ ਚੰਗੇ ਹਨ।’ ਉਨ੍ਹਾਂ ਕਿਹਾ, ‘2050 ਤੱਕ ਆਲਮੀ ਵਿਕਾਸ ’ਚ ਅੱਧੇ ਤੋਂ ਵੱਧ ਯੋਗਦਾਨ ਹਿੰਦ-ਪ੍ਰਸ਼ਾਂਤ ਦਾ ਹੋਵੇਗਾ ਜਦਕਿ ਯੂਰੋਪ ਤੇ ਉੱਤਰੀ ਅਮਰੀਕਾ ਦਾ ਯੋਗਦਾਨ ਇੱਕ ਚੌਥਾਈ ਹੀ ਹੋਵੇਗਾ। ਇਸ ਲਈ ਅਸੀਂ ਹਿੰਦ-ਪ੍ਰਸ਼ਾਂਤ ਕਾਰੋਬਾਰੀ ਸਮਝੌਤੇ, ਸੀਪੀਟੀਪੀਪੀ ’ਚ ਸ਼ਾਮਲ ਹੋ ਰਹੇ ਹਾਂ। ਭਾਰਤ ਨਾਲ ਨਵੇਂ ਐੱਫਟੀਏ ਕਰ ਰਹੇ ਹਾਂ ਅਤੇ ਇੰਡੋਨੇਸ਼ੀਆ ਨਾਲ ਵੀ ਸਾਡਾ ਇੱਕ ਸਮਝੌਤਾ ਹੈ।’
ਭਾਰਤ ਤੇ ਬਰਤਾਨੀਆ ਨੇ ਐੱਫਟੀਏ ਲਈ ਜਨਵਰੀ ’ਚ ਵਾਰਤਾ ਸ਼ੁਰੂ ਕੀਤੀ ਸੀ ਅਤੇ ਦੀਵਾਲੀ ਤੱਕ ਨਤੀਜੇ ’ਤੇ ਪਹੁੰਚਣ ਦਾ ਟੀਚਾ ਰੱਖਿਆ ਸੀ ਪਰ ਕਈ ਮਾਮਲਿਆਂ ’ਚ ਆਮ ਸਹਿਮਤੀ ਨਾ ਬਣ ਸਕਣ ਕਾਰਨ ਇਹ ਵਾਰਤਾ ਸਮੇਂ ਸਿਰ ਮੁਕੰਮਲ ਨਹੀਂ ਹੋ ਸਕੀ। ਸੂਨਕ ਨੇ ਕਿਹਾ, ‘ਕਈ ਹੋਰ ਲੋਕਾਂ ਦੀ ਤਰ੍ਹਾਂ ਮੇਰੇ ਦਾਦਾ-ਦਾਦੀ, ਨਾਨਾ-ਨਾਨੀ ਪੂਰਬੀ ਅਫਰੀਕਾ ਤੇ ਭਾਰਤੀ ਉਪ ਮਹਾਦੀਪ ਤੋਂ ਬਰਤਾਨੀਆ ਆਏ ਤੇ ਉਨ੍ਹਾਂ ਇੱਥੇ ਆਪਣੀ ਜ਼ਿੰਦਗੀ ਸ਼ੁਰੂ ਕੀਤੀ। ਹਾਲ ਹੀ ਦੇ ਸਾਲਾਂ ’ਚ ਅਸੀਂ ਹਾਂਗਕਾਂਗ, ਅਫਗਾਨਿਸਤਾਨ ਅਤੇ ਯੂਕਰੇਨ ਤੋਂ ਹਜ਼ਾਰਾਂ ਲੋਕਾਂ ਦਾ ਸਵਾਗਤ ਕੀਤਾ ਹੈ।