ਮੁਹਾਲੀ, 13 ਅਗਸਤ
ਮੁਹਾਲੀ ਦੀ ਵਸਨੀਕ ਅਨੁਰੀਤ ਪਾਲ ਕੌਰ ਨੇ ਆਪਣਾ ਨਾਮ ਇੰਡੀਆ ਬੁੱਕ ਆਫ਼ ਰਿਕਾਰਡ ਵਿੱਚ ਦਰਜ ਕਰਵਾਉਣ ਵਿਚ ਕਾਮਯਾਬੀ ਹਾਸਲ ਕੀਤੀ ਹੈ। ਉਸ ਨੇ ਇਹ ਨਾਮ ਪੰਜਾਬੀ ਲੋਕ ਸਾਜ਼ ਅਲਗੋਜ਼ਾ ਵਜਾਉਣ ਵਾਲੀ ਦੁਨੀਆ ਦੀ ਪਹਿਲੀ ਕੁੜੀ ਹੋਣ ਕਰਕੇ ਦਰਜ ਕਰਵਾਇਆ। ਅਨੁਰੀਤ ਨੇ ਇਹ ਕਲਾ ਆਪਣੇ ਉਸਤਾਦ ਇੰਟਰਨੈਸ਼ਨਲ ਅਲਗੋਜ਼ਾ ਵਾਦਕ ਕਰਮਜੀਤ ਸਿੰਘ ਬੱਗਾ ਦੀ ਸ਼ਾਗਿਰਦੀ ਵਿੱਚ ਸਿੱਖੀ। ਅਨੂ ਨੇ ਇਹ ਕਲਾ 2017 ਵਿੱਚ ਸਿੱਖਣੀ ਸ਼ੁਰੂ ਕੀਤੀ। ਅਲਗੋਜ਼ੇ ਵਜਾਉਣ ਦੇ ਨਾਲ ਨਾਲ ਘੋੜਸਵਾਰੀ, ਪੰਜਾਬੀ ਲੋਕ ਨਾਚਾਂ ਤੋਂ ਇਲਾਵਾ ਗੱਤਕਾ ਵਿਚ ਵੀ ਮੁਹਾਰਤ ਹਾਸਲ ਹੈ। ਉਹ ਕਈ ਵਾਰੀ ਕੌਮੀ ਤੇ ਕੌਮਾਂਤਰੀ ਪੱਧਰ ’ਤੇ ਆਪਣੀ ਕਲਾ ਦੇ ਜੌਹਰ ਵਿਖਾ ਚੁੱਕੀ ਹੈ।
ਅਨੁਰੀਤ ਦੇ ਮਾਤਾ ਸੁਖਬੀਰ ਪਾਲ ਕੌਰ ਅਤੇ ਪਿਤਾ ਨਰਿੰਦਰ ਨੀਨਾ ਵੀ ਬਹੁਤ ਵਧੀਆ ਕਲਾਕਾਰ ਤੇ ਲੋਕ ਕਲਾਵਾਂ ਦੇ ਗਿਆਤਾ ਹਨ। ਅਨੁਰੀਤ ਨੇ ਗੱਤਕਾ ਖੇਡਣ ਦੀ ਕਲਾ ਆਪਣੇ ਨਾਨਾ ਗੁਰਪ੍ਰੀਤ ਸਿੰਘ ਖ਼ਾਲਸਾ ਤੋਂ ਸਿੱਖੀ। ਓਹ ਆਪਣੇ ਵੀਰ ਹਰਕੀਰਤ ਤੇ ਮਨਦੀਪ ਤੋਂ ਇਲਾਵਾ ਆਪਣੇ ਸਾਥੀਆਂ ਤੇ ਇਲਾਕਾ ਨਿਵਾਸੀਆਂ ਦਾ ਦਿਲੋਂ ਧੰਨਵਾਦ ਕਰਦੀ ਹੈ,ਜਿਨ੍ਹਾਂ ਦੇ ਸਾਥ ਤੇ ਹੌਂਸਲਾ ਅਫ਼ਜਾਈ ਸਦਕਾ ਇਹ ਸੰਭਵ ਹੋ ਸਕਿਆ ਹੈ। ਅਨੁਰੀਤ ਨੂੰ ਇੰਡੀਆ ਬੁੱਕ ਆਫ਼ ਰਿਕਾਰਡ ਵਲੋਂ ਇੱਕ ਸਰਟੀਫਿਕੇਟ, ਮੈਡਲ, ਆਈ ਕਾਰਡ, ਪੈਨ, ਬੈਚ ਭੇਜਿਆ ਗਿਆ ਹੈ।