ਨਵੀਂ ਦਿੱਲੀ:ਅਦਾਕਾਰਾ ਦੀਪਿਕਾ ਪਾਦੂਕੋਨ ਨੂੰ ਅੱਜ ਹਿੰਦੀ ਸਿਨੇ ਜਗਤ ਵਿੱਚ ਕੰਮ ਕਰਦਿਆਂ 15 ਵਰ੍ਹੇ ਮੁਕੰਮਲ ਹੋ ਗਏ ਹਨ। ਸਾਬਕਾ ਮਾਡਲ ਨੇ 2007 ਵਿੱਚ ਫਿਲਮ ‘ਓਮ ਸ਼ਾਂਤੀ ਓਮ’ ਨਾਲ ਫ਼ਿਲਮ ਜਗਤ ਵਿੱਚ ਪੈਰ ਧਰਿਆ ਸੀ। ਹੁਣ ਤੱਕ ਦੀਪਿਕਾ ਨੇ ‘ਲਵ ਆਜਕਲ’, ‘ਕੌਕਟੇਲ’, ‘ਪੀਕੂ’, ‘ਗਲੀਓਂ ਕੀ ਰਾਸਲੀਲਾ-ਰਾਮ ਲੀਲਾ’ ਅਤੇ ‘ਪਦਮਾਵਤ’ ਵਰਗੀਆਂ ਕਈ ਹਿੱਟ ਫਿਲਮਾਂ ਕੀਤੀਆਂ ਹਨ। ਆਪਣੇ ਫ਼ਿਲਮੀ ਸਫ਼ਰ ਬਾਰੇ ਗੱਲ ਕਰਦਿਆਂ ਅਦਾਕਾਰਾ ਨੇ ਕਿਹਾ, ‘ਮੈਨੂੰ ਬਹੁਤ ਕੁਝ ਸਿੱਖਣ, ਸਮਝਣ, ਅੱਗੇ ਵਧਣ ਤੇ ਆਪਣੇ ਕੰਮ ਵਿੱਚ ਹੋਰ ਨਿਖਾਰ ਲਿਆਉਣ ਦੇ ਮੌਕੇ ਮਿਲੇ ਹਨ। ਮੇਰੀ ਇੱਛਾ ਹੈ ਕਿ ਮੇਰਾ ਇਹ ਸਫ਼ਰ ਇੰਜ ਹੀ ਜਾਰੀ ਰਹੇ।’ ਦੀਪਿਕਾ ਨੇ 2006 ਵਿੱਚ ਕੰਨੜ ਫਿਲਮ ‘ਐਸ਼ਵਰਿਆ’ ਰਾਹੀਂ ਅਦਾਕਾਰੀ ਸ਼ੁਰੂ ਕੀਤੀ ਸੀ।

2018 ਵਿੱਚ ਅਦਾਕਾਰਾ ਨੇ ਆਪਣੀ ਪ੍ਰੋਡਕਸ਼ਨ ਕੰਪਨੀ ‘ਕਾ ਪ੍ਰੋਡਕਸ਼ਨਜ਼’ ਵੀ ਸ਼ੁਰੂ ਕੀਤੀ, ਜਿਸ ਦੇ ਬੈਨਰ ਹੇਠ ਹੁਣ ਤੱਕ ‘ਛਪਾਕ’ (2020) ਅਤੇ ‘82’ (2021) ਬਣਾਈਆਂ ਹਨ। ਦੀਪਿਕਾ ਨੇ ਇੱਕ ਸੰਸਥਾ ‘ਲਿਵ ਲਵ ਲਾਫ਼ ਫਾਊਂਡੇਸ਼ਨ’ ਵੀ ਬਣਾਈ ਹੈ, ਜੋ ਭਾਰਤ ਵਿੱਚ ਮਾਨਸਿਕ ਤੰਦਰੁਸਤੀ ਦੇ ਮਹੱਤਵ ਬਾਰੇ ਜਾਗਰੂਕ ਕਰਦੀ ਹੈ। 36 ਸਾਲਾ ਅਦਾਕਾਰਾ ਨੇ ਹਾਲੀਵੁੱਡ ਫਿਲਮ ‘XXX: ਰਿਟਰਨ ਆਫ ਜ਼ੈਂਡਰ ਕੇਜ’ (2017) ਵਿੱਚ ਵੀ ਕੰਮ ਕੀਤਾ ਹੈ। ਅਦਾਕਾਰਾ ਨੇ ਆਪਣਾ ਤਜਰਬਾ ਸਾਂਝਾ ਕਰਦਿਆਂ ਕਿਹਾ, ‘ਮੈਂ ਕਦੇ ਵੀ ਫਿਲਮ ਦੇ ਸੈੱਟ ’ਤੇ ਇਹ ਸੋਚ ਕੇ ਨਹੀਂ ਗਈ ਕਿ ਮੈਂ ਇੰਨੀਆਂ ਫਿਲਮਾਂ ਕਰ ਚੁੱਕੀ ਹਾਂ ਤੇ ਮੈਨੂੰ ਬਹੁਤ ਕੁਝ ਪਤਾ ਹੈ। ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਹਰ ਵਾਰ ਸੈੱਟ ’ਤੇ ਮੌਜੂਦ ਨਵੇਂ ਨਿਰਦੇਸ਼ਕ, ਨਵੇਂ ਅਦਾਕਾਰਾਂ ਅਤੇ ਨਵੇਂ ਲੋਕਾਂ ਤੋਂ ਕੁਝ ਨਾ ਕੁਝ ਸਿੱਖਿਆ ਜਾਵੇ।’ ਅਦਾਕਾਰਾ ਨੇ ਕਿਹਾ, ‘ਇੱਕ ਅਦਾਕਾਰ ਲਈ ਜ਼ਰੂਰੀ ਹੈ ਕਿ ਉਹ ਆਪਣੇ ਪਿਛਲੇ ਤਜਰਬੇ ਦਾ ਵੀ ਲਾਭ ਲੈ ਸਕੇ ਅਤੇ ਹਰ ਫ਼ਿਲਮ ਵਿੱਚ ਇੱਕ ਨਵੇਂ ਅਦਾਕਾਰ ਵਾਂਗ ਕੁਝ ਨਵਾਂਂ ਸਿੱਖਣ ਦੀ ਰੀਝ ਨਾਲ ਵੀ ਕੰਮ ਕਰੇ। ਹਰ ਅਦਾਕਾਰ ਨੂੰ ਇਨ੍ਹਾਂ ਦੋਵਾਂ ਵਿਚਾਲੇ ਇੱਕ ਸੰਤੁਲਨ ਬਣਾਉਣਾ ਆਉਣਾ ਚਾਹੀਦਾ ਹੈ। ਇੱਕ ਅਦਾਕਾਰ ਲਈ ਸਭ ਤੋਂ ਭਿਆਨਕ ਚੀਜ਼ ਖੜੋਤ ਹੁੰਦੀ ਹੈ।’ ਜ਼ਿਕਰਯੋਗ ਹੈ ਕਿ ਦੀਪਿਕਾ ਦੀ ਨਵੀਂ ਵੈੱਬਸੀਰੀਜ਼ ‘ਗਹਿਰਾਈਆਂ’ ਆਉਣ ਵਾਲੀ ਹੈ, ਜਿਸ ਵਿੱਚ ਸਿਧਾਂਤ ਚਤੁਰਵੇਦੀ, ਅਨੰਨਿਆ ਪਾਂਡੇ ਅਤੇ ਧੈਰਿਆ ਕਰਵਾ ਪ੍ਰਮੁੱਖ ਭੂਮਿਕਾਵਾਂ ਵਿੱਚ ਹਨ। ਇਸ ਵੈੱਬਸੀਰੀਜ਼ ਵਿੱਚ ਅਦਾਕਾਰ ਨਸੀਰੂਦੀਨ ਸ਼ਾਹ ਅਤੇ ਰਜਤ ਕਪੂਰ ਵੀ ਦਿਖਾਈ ਦੇਣਗੇ।