ਮੁੰਬਈ:ਬੌਲੀਵੁੱਡ ਅਦਾਕਾਰਾ ਦੀਆ ਮਿਰਜ਼ਾ ਅਤੇ ਵੈਭਵ ਰੇਖੀ ਨੇ ਅੱਜ ਇੱਥੇ ਸੋਸ਼ਲ ਮੀਡੀਆ ’ਤੇ ਆਪਣੇ ਪੁੱਤਰ ਅਵਯਾਨ ਆਜ਼ਾਦ ਰੇਖੀ ਦੇ ਜਨਮ ਦਾ ਐਲਾਨ ਕੀਤਾ ਹੈ। ਦੀਆ ਨੇ ਇੰਸਟਾਗ੍ਰਾਮ ’ਤੇ ਪ੍ਰਸ਼ੰਸਕਾਂ ਨਾਲ ਇਹ ਖ਼ਬਰ ਸਾਂਝੀ ਕਰਦਿਆਂ ਇੱਕ ਭਾਵੁਕ ਨੋਟ ਲਿਖਿਆ। ਅਦਾਕਾਰਾ ਨੇ ਇੱਕ ਤਸਵੀਰ ਵੀ ਸਾਂਝੀ ਕੀਤੀ, ਜਿਸ ਵਿੱਚ ਉਹ ਆਪਣੇ ਪੁੱਤਰ ਦਾ ਹੱਥ ਫੜੀ ਦਿਖਾਈ ਦੇ ਰਹੀ ਹੈ। ਦੀਆ ਨੇ ਦੱਸਿਆ ਕਿ 14 ਮਈ ਨੂੰ ਉਸ ਦੇ ਪੁੱਤਰ ਦਾ ਜਨਮ ਹੋਇਆ ਸੀ ਪਰ ਸਮੇਂ ਤੋਂ ਪਹਿਲਾਂ ਪੈਦਾ ਹੋਣ ਕਾਰਨ ਬੱਚਾ ਉਦੋਂ ਤੋਂ ਹੀ ਆਈਸੀਯੂ ਵਿੱਚ ਹੈ। ਦੀਆ ਨੇ ਤਸਵੀਰ ਨਾਲ ਲੇਖਿਕਾ ਅਲਿਜ਼ਾਬੈਥ ਸਟੋਨ ਦੀਆਂ ਕੁਝ ਸਤਰਾਂ ਸਾਂਝੀਆਂ ਕਰਦਿਆਂ ਲਿਖਿਆ, ‘‘ਇੱਕ ਬੱਚੇ ਨੂੰ ਜਨਮ ਦੇਣ ਲਈ ਇਹ ਫ਼ੈਸਲਾ ਕਰਨਾ ਹੁੰਦਾ ਹੈ ਕਿ ਤੁਹਾਡਾ ਦਿਲ ਹਮੇਸ਼ਾ ਤੁਹਾਡੇ ਸਰੀਰ ਦੇ ਆਲੇ-ਦੁਆਲੇ ਰਹੇ।’ ਇਹ ਸ਼ਬਦ ਮੇਰੇ ਅਤੇ ਵੈਭਵ ਦੀਆਂ ਭਾਵਨਾਵਾਂ ਲਈ ਹੁਣ ਸਹੀ ਮਿਸਾਲ ਹਨ। ਸਾਡੇ ਦਿਲ ਦੀ ਧੜਕਨ, ਸਾਡਾ ਪੁੱਤਰ ਅਵਯਾਨ ਆਜ਼ਾਦ ਰੇਖੀ ਦਾ ਜਨਮ 14 ਮਈ ਨੂੰ ਹੋਇਆ ਸੀ, ਜਲਦੀ ਪੈਦਾ ਹੋਣ ਕਾਰਨ ਆਈਸੀਯੂ ਦੇ ਡਾਕਟਰਾਂ ਅਤੇ ਨਰਸਾਂ ਵੱਲੋਂ ਉਸ ਦੀ ਦੇਖਭਾਲ ਕੀਤੀ ਗਈ।’ ਅਦਾਕਾਰਾ ਨੇ ਦੱਸਿਆ ਕਿ ਗੰਭੀਰ ਇਨਫੈਕਸ਼ਨ ਕਾਰਨ ਉਸ ਨੂੰ ਜਲਦੀ ਅਪਰੇਸ਼ਨ ਕਰਵਾਉਣਾ ਪਿਆ ਸੀ। ਉਸ ਨੇ ਆਪਣੇ ਬੱਚੇ ਦੀ ਦੇਖਭਾਲ ਕਰਨ ਬਦਲੇ ਡਾਕਟਰਾਂ ਅਤੇ ਨਰਸਾਂ ਦਾ ਧੰਨਵਾਦ ਵੀ ਕੀਤਾ। ਅਦਾਕਾਰਾ ਦੇ ਖ਼ਬਰ ਸਾਂਝੀ ਕਰਦਿਆਂ ਹੀ ਇੰਸਟਾਗ੍ਰਾਮ ’ਤੇ ਵਧਾਈਆਂ ਦਾ ਤਾਂਤਾ ਲੱਗ ਗਿਆ। ਬੌਲੀਵੁੱਡ ਅਦਾਕਾਰਾ ਕਰੀਨਾ ਕਪੂਰ, ਅਨੁਸ਼ਕਾ ਸ਼ਰਮਾ, ਕਰਿਸ਼ਮਾ ਕਪੂਰ, ਮਲਾਇਕਾ ਅਰੋੜਾ ਖ਼ਾਨ, ਗੌਹਰ ਖ਼ਾਨ, ਸੋਫੀ ਚੌਧਰੀ, ਆਦਿਤੀ ਰਾਓ ਹੈਦਰੀ, ਰਿਚਾ ਚੱਢਾ, ਸਿਆਨੀ ਗੁਪਨਾ, ਪ੍ਰੀਤੀ ਜ਼ਿੰਟਾ ਨੇ ਦੀਆ ਨੂੰ ਵਧਾਈ ਦਿੱਤੀ।














