ਮੁੰਬਈ, 14 ਜੂਨ

ਅਦਾਕਾਰ ਮਨੋਜ ਬਾਜਪਾਈ ਨੇ ‘ਦਿ ਫੈਮਲੀ ਮੈਨ-2’ ਵਿੱਚ ਸ੍ਰੀਕਾਂਤ ਤਿਵਾੜੀ ਦੇ ਕਿਰਦਾਰ ਨਾਲ ਵਾਪਸੀ ਕੀਤੀ ਹੈ। ਉਸ ਵੱਲੋਂ ਮੁੜ ਨਿਭਾਏ ਗਏ ਇਸ ਕਿਰਦਾਰ ਨੂੰ ਦਰਸ਼ਕ ਕਾਫ਼ੀ ਪਸੰਦ ਕਰ ਰਹੇ ਹਨ। ਹਾਲਾਂਕਿ, ਇਸ ਸੀਰੀਜ਼ ਨੂੰ ਰਿਲੀਜ਼ ਹੋਣ ਤੋਂ ਪਹਿਲਾਂ ਕਈ ਲੋਕਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ ਹੈ, ਜਿਨ੍ਹਾਂ ਨੇ ਸੀਰੀਜ਼ ਵਿੱਚ ਤਾਮਿਲ ਵਾਸੀਆਂ ਨੂੰ ਗਲਤ ਢੰਗ ਨਾਲ ਦਿਖਾਉਣ ਦਾ ਦੋਸ਼ ਲਗਾਇਆ ਸੀ। ਅਦਾਕਾਰ ਦਾ ਮੰਨਣਾ ਹੈ ਕਿ ਸੀਰੀਜ਼ ਨੇ ਚੰਗਾ ਪ੍ਰਦਰਸ਼ਨ ਕੀਤਾ ਹੈ, ਜਿਸ ਤੋਂ ਸਾਬਤ ਹੁੰਦਾ ਹੈ ਕਿ ਇਸ ਵਿੱਚ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਨਹੀਂ ਪਹੁੰਚਾਈ ਗਈ। ਬਾਜਪਈ ਨੇ ਅੱਜ ਇੱਥੇ ਆਈਏਐੱਨਐੱਸ ਨਾਲ ਗੱਲਬਾਤ ਕਰਦਿਆਂ ਕਿਹਾ, ‘‘ਅਸੀਂ ਇੱਕ ਟੀਮ ਵਜੋਂ, ਸਾਡੇ ਨਿਰਦੇਸ਼ਕ, ਲੇਖਕ… ਹਰ ਵਿਅਕਤੀ ਅਤੇ ਹਰ ਸੂਬੇ ਨਾਲ ਭਾਵਨਾਤਮਕ ਤੌਰ ’ਤੇ ਜੁੜੇ ਹੋਏ ਹਾਂ। ਅਸੀਂ ਸੱਭਿਆਚਾਰ ਪ੍ਰਤੀ ਸੰਵੇਦਨਸ਼ੀਲ ਹਾਂ। ਅਸੀਂ ਕਦੇ ਵੀ ਅਜਿਹਾ ਨਹੀਂ ਕਰਾਂਗੇ, ਜਿਸ ਨਾਲ ਕਿਸੇ ਦੇ ਮਨ ਨੂੰ ਠੇਸ ਪਹੁੰਚੇ। ਅਸੀਂ ਕਿਰਦਾਰਾਂ ਨੂੰ ਆਪਣੇ ਢੰਗ ਨਾਲ ਪੇਸ਼ ਕੀਤਾ ਹੈ। ਇਸ ਵਿੱਚ ਹਰ ਕਿਰਦਾਰ ਆਪਣੀ ਕਹਾਣੀ ਦਾ ਨਾਇਕ ਹੈ।’’ ਇਹ ਸੀਰੀਜ਼ ਉਸ ਵੇਲੇ ਵਿਵਾਦਾਂ ਵਿੱਚ ਘਿਰ ਗਈ ਸੀ, ਜਦੋਂ ਤਾਮਿਲਨਾਡੂ ਦੇ ਸੂਚਨਾ ਤਕਨਾਲੋਜੀ ਦੇ ਮੰਤਰੀ ਮਨੋ ਥੰਗਰਾਜ ਨੇ ਕੇਂਦਰੀ ਸੂਚਨਾ ਅਤੇ ਪ੍ਰਸਾਰਨ ਮੰਤਰੀ ਪ੍ਰਕਾਸ਼ ਜਾਵੜੇਕਰ ਨੂੰ 24 ਮਈ ਨੂੰ ਪੱਤਰ ਲਿਖ ਕੇ ਸੀਰੀਜ਼ ’ਤੇ ਰੋਕ ਲਾਉਣ ਦੀ ਮੰਗ ਕੀਤੀ ਸੀ। ਉਨ੍ਹਾਂ ਸੀਰੀਜ਼ ਵਿੱਚ ਤਾਮਿਲਨਾਡੂ ਦੇ ਜੀਵਨ ਨੂੰ ਗਲਤ ਢੰਗ ਨਾਲ ਦਿਖਾਉਣ ਦਾ ਦੋਸ਼ ਲਾਇਆ ਸੀ। ਕਈ ਵਿਵਾਦਾਂ ਦਾ ਸਾਹਮਣਾ ਕਰਨ ਮਗਰੋਂ ਰਾਜ ਅਤੇ ਡੀਕੇ ਦੇ ਨਿਰਦੇਸ਼ਨ ਹੇਠ ਬਣੀ ਸੀਰੀਜ਼ ‘ਦਿ ਫੈਮਲੀ ਮੈਨ-2’ ਅਖ਼ੀਰ 5 ਜੂਨ ਨੂੰ ਐਮਾਜ਼ੋਨ ਪ੍ਰਾਈਮ ਵੀਡੀਓ ’ਤੇ ਰਿਲੀਜ਼ ਹੋ ਚੁੱਕੀ ਹੈ, ਜਿਸ ਨੂੰ ਦਰਸ਼ਕਾਂ ਵੱਲੋਂ ਭਰਪੂਰ ਹੁੰਗਾਰਾ ਮਿਲ ਰਿਹਾ ਹੈ। ਸੀਰੀਜ਼ ਵਿੱਚ ਸਮਾਂਥਾ ਅਕੀਨੇਨੀ, ਪ੍ਰਿਆਮਨੀ, ਸ਼ਾਰਿਬ ਹਾਸ਼ਮੀ ਅਤੇ ਸ਼ਰਦ ਕੇਲਕਰ ਨੇ ਭੂਮਿਕਾ ਨਿਭਾਈ ਹੈ।