ਮੁੰਬਈ, 17 ਮਾਰਚ

ਸ਼ਿਵ ਸੈਨਾ ਆਗੂ ਸੰਜੈ ਰਾਊਤ ਨੇ ਕਿਹਾ ਕਿ ਭਾਜਪਾ ਫ਼ਿਲਮ ‘ਦਿ ਕਸ਼ਮੀਰ ਫਾਈਲਜ਼’ ਨੂੰ ਟੈਕਸ ਤੋਂ ਛੋਟ ਦੇਣ ਦੇ ਮਸਲੇ ਉੱਤੇ ਸਿਆਸਤ ਕਰਨ ਦੀ ਥਾਂ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਨੂੰ ਮੁੜ ਦੇਸ਼ ਵਿਚ ਮਿਲਾਉਣ ਦੀ ਗੱਲ ਕਰੇ। ਰਾਊਤ ਨੇ ਕਿਹਾ ਕਿ ਸ਼ਿਵ ਸੈਨਾ ਨੇ ਆਪਣੇ ਬਾਨੀ ਤੇ ਮਰਹੂਮ ਆਗੂ ਬਾਲ ਠਾਕਰੇ ਦੀ ਜ਼ਿੰਦਗੀ ’ਤੇ ਬਣੀ ਫ਼ਿਲਮ ਲਈ ਵੀ ਟੈਕਸ ਛੋਟ ਦੀ ਮੰਗ ਨਹੀਂ ਕੀਤੀ ਸੀ। ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਅਜੀਤ ਪਵਾਰ ਨੇ ‘ਦਿ ਕਸ਼ਮੀਰ ਫਾਈਲਜ਼’ ਨੂੰ ਸੂਬੇ ’ਚ ਟੈਕਸ ਛੋਟ ਦੇਣ ਦੀ ਭਾਜਪਾ ਦੀ ਮੰਗ ਬੁੱਧਵਾਰ ਨੂੰ ਰੱਦ ਕਰ ਦਿੱਤੀ ਸੀ। ਪਵਾਰ ਨੇ ਕਿਹਾ ਸੀ ਕਿ ਜੇਕਰ ਕੇਂਦਰ ਸਰਕਾਰ ਨੇ ਫਿਲਮ ਨੂੰ ਜੀਐੱਸਟੀ ’ਚ ਛੋਟ ਦੇ ਦਿੱਤੀ ਹੈ ਤਾਂ ਇਸ ਦਾ ਲਾਹਾ ਪੂਰੇ ਦੇਸ਼ ਵਿੱਚ ਮਿਲੇਗਾ।