ਨਵੀਂ ਦਿੱਲੀ, ਮੌਜੂਦਾ ਚੈਂਪੀਅਨ ਇਥੋਪੀਆ ਦੇ ਅੰਡੇਮਲਾਕ ਬੇਲੀਹੂ ਅਤੇ ਸੇਹੇ ਗੇਮੇਚੂ ਨੇ 15ਵੀਂ ਏਅਰਟੈੱਲ ਦਿੱਲੀ ਹਾਫ ਮੈਰਾਥਨ ਵਿੱਚ ਆਪਣਾ ਦਬਦਬਾ ਬਰਕਰਾਰ ਰੱਖਦਿਆਂ ਅੱਜ ਕੌਮੀ ਰਾਜਧਾਨੀ ਵਿੱਚ ਕ੍ਰਮਵਾਰ ਪੁਰਸ਼ ਅਤੇ ਮਹਿਲਾ ਵਰਗ ਦੇ ਖ਼ਿਤਾਬ ਜਿੱਤੇ। ਹਾਫ ਮੈਰਾਥਨ ਸਵੇਰੇ ਜਵਾਹਰ ਲਾਲ ਨਹਿਰੂ ਸਟੇਡੀਅਮ ਵਿੱਚ ਸ਼ੁਰੂ ਹੋਈ, ਜਿਸ ਨੂੰ ਕੇਂਦਰੀ ਖੇਡ ਮੰਤਰੀ ਕਿਰਨ ਰਿਜਿਜੂ ਨੇ ਹਰੀ ਝੰਡੀ ਵਿਖਾ ਕੇ ਰਵਾਨਾ ਕੀਤਾ।
ਇਥੋਪੀਆ ਦੇ ਬੇਲੀਹੂ ਨੇ ਇਸ ਵਾਰ ਦੌੜ ਨੂੰ 59 ਮਿੰਟ 10 ਸੈਕਿੰਡ ਵਿੱਚ ਪੂਰਾ ਕਰਕੇ ਆਪਣਾ ਖ਼ਿਤਾਬ ਬਚਾਇਆ। ਹਾਲਾਂਕਿ ਉਹ ਕੋਰਸ ਦੇ ਰਿਕਾਰਡ ਨੂੰ ਤੋੜਨ ’ਚ ਚਾਰ ਸੈਕਿੰਡ ਨਾਲ ਖੁੰਝ ਗਿਆ। ਕੋਰਸ ਦਾ ਰਿਕਾਰਡ ਇਥੋਪੀਆ ਦੇ ਗੁਏ ਅਡੋਲਾ (59.06 ਮਿੰਟ) ਨੇ 2014 ਵਿੱਚ ਬਣਾਇਆ ਸੀ। ਦੌੜ ਮਗਰੋਂ ਬੇਲੀਹੂ ਨੇ ਕਿਹਾ, ‘‘ਮੈਨੂੰ ਪਤਾ ਹੈ ਕਿ ਮੈਂ ਕੋਰਸ ਰਿਕਾਰਡ ਤੋਂ ਚਾਰ ਸੈਕਿੰਡਾਂ ਨਾਲ ਖੁੰਝ ਗਿਆ। ਇਸ ਲਈ ਮੈਂ ਥੋੜ੍ਹਾ ਨਿਰਾਸ਼ ਹਾਂ, ਪਰ ਕੁਲ ਮਿਲਾ ਕੇ ਇਹ ਚੰਗੀ ਦੌੜ ਰਹੀ ਅਤੇ ਇਸ ਲਈ ਮੈਨੂੰ ਖੁਸ਼ੀ ਵੀ ਹੈ।’’ ਬੇਲੀਹੂ ਨੇ ਬੀਤੇ ਸਾਲ ਆਈਏਏਐੱਫ ਗੋਲਡ ਲੇਬਲ ਰੇਸ 59.18 ਮਿੰਟ ਨਾਲ ਜਿੱਤੀ ਸੀ। ਉਹ ਆਪਣੇ ਸਾਥੀ ਸੁਲੇਮਾਨ ਬੇਰੀਹੂ ਤੋਂ (59 ਮਿੰਟ 17 ਸਕਿੰਟ) ਅੱਗੇ ਰਿਹਾ। ਕੀਨੀਆ ਦੇ ਕਿਬੀਵੋਟ ਕੈਂਡੀ 59 ਮਿੰਟ 33 ਸੈਕਿੰਡ ਦੇ ਸਮੇਂ ਨਾਲ ਤੀਜੇ ਸਥਾਨ ’ਤੇ ਰਿਹਾ।
ਇਥੋਪੀਆ ਦੀ ਗੇਮੇਚੂ ਨੇ ਮਹਿਲਾ ਵਰਗ ਵਿੱਚ 66.00 ਮਿੰਟ ਦੇ ਸਮੇਂ ਨਾਲ ਟੂਰਨਾਮੈਂਟ ਦੇ ਆਪਣੇ ਹੀ ਪਿਛਲੇ ਰਿਕਾਰਡ ਵਿੱਚ ਸੁਧਾਰ ਕੀਤਾ। ਇਹ ਗੇਮੇਚੂ ਦਾ ਸਰਵੋਤਮ ਨਿੱਜੀ ਪ੍ਰਦਰਸ਼ਨ ਵੀ ਹੈ। ਉਸ ਦਾ ਨਿੱਜੀ ਰਿਕਾਰਡ 66.50 ਮਿੰਟ ਸੀ ਅਤੇ ਉਸ ਨੇ ਬੀਤੇ ਸਾਲ ਕੋਰਸ ਰਿਕਾਰਡ ਬਣਾਇਆ ਸੀ। ਉਸ ਨੇ ਕਿਹਾ, ‘‘ਮੈਂ ਕੋਰਸ ਰਿਕਾਰਡ ਤੋੜਿਆ ਅਤੇ ਮੈਂ ਇਸ ਨੂੰ ਹਾਸਲ ਕਰਕੇ ਖ਼ੁਸ਼ ਹਾਂ। ਦੋਹਾ ਅਥਲੈਟਿਕ ਵਿਸ਼ਵ ਚੈਂਪੀਅਨਸ਼ਿਪ ਮਗਰੋਂ ਮੈਂ ਕਾਫ਼ੀ ਥੱਕੀ ਹੋਈ ਸੀ, ਪਰ ਮੈਂ ਦਿੱਲੀ ਵਿੱਚ ਜਿੱਤ ਦਰਜ ਕਰਨਾ ਚਾਹੁੰਦੀ ਸੀ। ਮੈਂ ਬਹੁਤ ਖ਼ੁਸ਼ ਹਾਂ। ਇਹ ਮੇਰਾ ਸਰਵੋਤਮ ਨਿੱਜੀ ਪ੍ਰਦਰਸ਼ਨ ਵੀ ਹੈ।’’ ਭਾਰਤੀ ਪੁਰਸ਼ਾਂ ਵਿੱਚ ਸ੍ਰੀਨੂ ਬੁਗਾਤਾ ਨੇ ਇੱਕ ਘੰਟਾ 4.33 ਮਿੰਟ ਨਾਲ ਪਹਿਲਾ ਸਥਾਨ ਹਾਸਲ ਕੀਤਾ, ਜਦਕਿ ਸੁਰੇਸ਼ ਪਟੇਲ (1:04:57) ਦੂਜੇ ਅਤੇ ਹਰਸ਼ਦ ਮਹਾਤਰੇ (1:05:12) ਤੀਜੇ ਸਥਾਨ ’ਤੇ ਰਹੇ। ਮਹਿਲਾਵਾਂ ਦੇ ਵਰਗ ਵਿੱਚ ਐਲ ਸੂਰਿਆ ਨੇ ਇੱਕ ਘੰਟਾ 12.49 ਮਿੰਟ ਨਾਲ ਪਹਿਲਾ ਸਥਾਨ ਹਾਸਲ ਕੀਤਾ। ਪਾਰੂਲ ਚੌਧਰੀ (1:13:55) ਨੇ ਦੂਜਾ ਅਤੇ ਚਿੰਤਾ ਯਾਦਵ (1:15:28) ਨੇ ਤੀਜਾ ਸਥਾਨ ਮੱਲਿਆ। ਇਸ ਆਈਏਏਐੱਫ ਗੋਲਡ ਲੇਬਲ ਮੈਰਾਥਨ ’ਚ ਕੁਲ 40,000 ਤੋਂ ਵੱਧ ਭਾਗ ਲੈਣ ਵਾਲਿਆਂ ਨੇ ਦੌੜ ’ਚ ਹਿੱਸਾ ਲਿਆ ਸੀ।