ਨਵੀਂ ਦਿੱਲੀ, 24 ਜੂਨ

ਦਿੱਲੀ ਹਾਈ ਕੋਰਟ ਨੇ ਅੱਜ ਪੁੱਛਿਆ ਕਿ ਮਰਹੂਮ ਬੌਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੇ ਜੀਵਨ ’ਤੇ ਬਣੀ ਕਥਿਤ ਫ਼ਿਲਮ ‘ਨਿਆਏ: ਦਿ ਜਸਟਿਸ’ ਪਹਿਲਾਂ ਤੋਂ ਤੈਅ ਤਰੀਕ 11 ਜੂਨ ਨੂੰ ਰਿਲੀਜ਼ ਹੋਈ ਸੀ ਜਾਂ ਨਹੀਂ, ਕਿਉਂਕਿ ਫ਼ਿਲਮ ਦੇ ਡਾਇਰੈਕਟਰ ਅਤੇ ਸੁਸ਼ਾਂਤ ਦੇ ਪਿਤਾ ਨੇ ਅੰਤਰ-ਵਿਰੋਧੀ ਬਿਆਨ ਦਿੱਤੇ ਸਨ। ਇਸ ਤੋਂ ਪਹਿਲਾਂ ਸਿੰਗਲ ਜੱਜ ਦੇ ਬੈਂਚ ਨੇ ਸੁਸ਼ਾਂਤ ਰਾਜਪੂਤ ਦੀ ਜ਼ਿੰਦਗੀ ’ਤੇ ਆਧਾਰਿਤ ਫ਼ਿਲਮ ਰਿਲੀਜ਼ ਕਰਨ, ਉਸ ਦਾ ਨਾਮ ਵਰਤਣ ਜਾਂ ਹੋਰ ਸਮੱਗਰੀ ’ਤੇ ਰੋਕ ਲਾਉਣ ਤੋਂ ਨਾਂਹ ਕਰ ਦਿੱਤੀ ਸੀ। ਜਸਟਿਸ ਅਨੂਪ ਜੈਰਾਮ ਭੰਬਾਨੀ ਅਤੇ ਜਸਮੀਤ ਸਿੰਘ ਦੇ ਵੈਕੇਸ਼ਨ ਬੈਂਚ ਨੇ ਸੁਸ਼ਾਂਤ ਦੇ ਪਿਤਾ ਕ੍ਰਿਸ਼ਨ ਕਿਸ਼ੋਰ ਸਿੰਘ ਵੱਲੋਂ ਸਿੰਗਲ ਜੱਜ ਦੇ ਬੈਂਚ ਦੇ ਫ਼ੈਸਲੇ ਨੂੰ ਚੁਣੌਤੀ ਦਿੰਦੀ ਅਪੀਲ ’ਤੇ ਸੁਣਵਾਈ ਕਰਦਿਆਂ ਸਵਾਲ ਕੀਤਾ, ‘ਕੀ ਫ਼ਿਲਮ ਓਟੀਟੀ ਪਲੈਟਫਾਰਮ ’ਤੇ ਪਹਿਲਾਂ ਤੋਂ ਨਿਰਧਾਰਿਤ ਤਾਰੀਕ 11 ਜੂਨ ਨੂੰ ਰਿਲੀਜ਼ ਕੀਤੀ ਗਈ ਹੈ? ਜੇਕਰ ਫ਼ਿਲਮ ਰਿਲੀਜ਼ ਹੋ ਚੁੱਕੀ ਹੈ, ਕੀ ਇਸ ਨੂੰ ਵਾਪਸ ਲਿਆ ਜਾ ਸਕਦਾ ਹੈ? ਬਹੁਤ ਕੁਝ ਇਸ ’ਤੇ ਨਿਰਭਰ ਕਰਦਾ ਹੈ ਕਿ ਫ਼ਿਲਮ ਹਾਲੇ ਰਿਲੀਜ਼ ਹੋਈ ਹੈ ਜਾਂ ਨਹੀਂ।’ ਸੁਸ਼ਾਂਤ ਦੇ ਪਿਤਾ ਦੇ ਵਕੀਲ ਜੈਅੰਤ ਮਹਿਤਾ ਨੇ ਕਿਹਾ ਕਿ ਫ਼ਿਲਮ ਹਾਲੇ ਰਿਲੀਜ਼ ਨਹੀਂ ਹੋਈ। ਜਦਕਿ ਫ਼ਿਲਮ ਡਾਇਰੈਕਟਰ ਦੇ ਵਕੀਲ ਚੰਦਰ ਲਾਲ ਨੇ ਕਿਹਾ ਕਿ ਉਨ੍ਹਾਂ ਦੀ ਜਾਣਕਾਰੀ ਇਸ ਤੋਂ ਉਲਟ ਹੈ। ਬੈਂਚ ਵੱਲੋਂ ਮਾਮਲੇ ਦੀ ਅਗਲੀ ਸੁਣਵਾਈ 25 ਜੂਨ ਨੂੰ ਕੀਤੀ ਜਾਵੇਗੀ।