ਚੰਡੀਗੜ•, 27 ਅਗਸਤ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਸੋਮਵਾਰ ਨੂੰ ਇੱਕ ਵਾਰ ਫਿਰ ਦੁਹਰਾਇਆ ਕਿ ਨਵੰਬਰ 1984 ਦੇ ਸਿੱਖ ਕਤਲੇਆਮ `ਚ ਕਾਂਗਰਸ ਪਾਰਟੀ ਦਾ ਕੋਈ ਹੱਥ ਨਹੀਂ ਸੀ; ਇਹ ਤਾਂ ਸਿਰਫ਼ ਕੁਝ ਕਾਂਗਰਸੀ ਆਗੂ ਆਪਣੇ ਵਿਅਕਤੀਗਤ ਪੱਧਰ `ਤੇ ਉਸ ਮਾਮਲੇ `ਚ ਸ਼ਾਮਲ ਸਨ।
ਮੁੱਖ ਮੰਤਰੀ ਦਰਅਸਲ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮ ਸਿੰਘ ਮਜੀਠੀਆ ਵੱਲੋਂ ਵਿਧਾਨ ਸਭਾ `ਚ ਦਿੱਤੇ ਬਿਆਨ `਼ਤੇ ਤਿੱਖਾ ਪ੍ਰਤੀਕਰਮ ਪ੍ਰਗਟਾ ਰਹੇ ਸਨ। ਕੈਪਟਨ ਨੇ ਕਿਹਾ ਕਿ ਜਦੋਂ ਸਿੱਖ ਕਤਲੇਆਮ ਦੀ ਘਟਨਾ ਵਾਪਰੀ ਸੀ, ਤਦ ਮਜੀਠੀਆ ਜ਼ਰੂਰ ਕਿਤੇ ਪੰਘੂੜੇ `ਚ ਪਏ ਹੋਣਗੇ; ਇਸੇ ਕਰ ਕੇ ਉਨ੍ਹਾਂ ਨੂੰ ਇਸ ਸਾਰੇ ਮੁੱਦੇ ਬਾਰੇ ਕੋਈ ਗਿਆਨ ਨਹੀਂ ਹੈ।
ਸ੍ਰੀ ਮਜੀਠੀਆ ਨੇ ਕਾਂਗਰਸ ਦੇ ਕੁੱਲ-ਹਿੰਦ ਪ੍ਰਧਾਨ ਰਾਹੁਲ ਗਾਂਧੀ ਵੱਲੋਂ ਨਵੰਬਰ 1984 ਸਿੱਖ ਕਤਲੇਆਮ ਬਾਰੇ ਦਿੱਤੇ ਹਾਲੀਆ ਬਿਆਨ ਦਾ ਮੁੱਦਾ ਸਦਨ `ਚ ਉਠਾਇਆ ਸੀ; ਤਦ ਕੈਪਟਨ ਅਮਰਿੰਦਰ ਸਿੰਘ ਨੇ ਜਵਾਬ ਦਿੱਤਾ ਸੀ ਕਿ ਇੰਝ ਝੂਠ ਫੈਲਾਉਣ ਦੇ ਜਤਨ ਨਾ ਕੀਤੇ ਜਾਣ।
ਬਾਅਦ `ਚ ਮੁੱਖ ਮੰਤਰੀ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਸਿੱਖ ਕਤਲੇਆਮ ਦੀ ਘਟਨਾ ਵਾਪਰਨ ਵੇਲੇ ਮਜੀਠੀਆ ਅੱਠ ਕੁ ਸਾਲਾਂ ਦਾ ਹੋਵੇਗਾ ਅਤੇ ਸ਼ਾਇਦ ਕਿਸੇ ਪੰਘੂੜੇ `ਚ ਹੀ ਹੋਵੇਗਾ। ਇਸ ਮੁੱਦੇ ਬਾਰੇ ਉਸ ਨੂੰ ਕੋਈ ਜਾਣਕਾਰੀ ਨਹੀਂ ਹੈ। ਉਨ੍ਹਾਂ ਕਿਹਾ ਕਿ ਅਕਾਲੀ ਹੁਣ ਸਿੱਖਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕਰ ਰਹੇ ਹਨ।
ਮੁੱਖ ਮੰਤਰੀ ਨੇ ਕਿਹਾ,‘‘ਕਤਲੇਆਮ ਤੋਂ ਬਾਅਦ ਲੱਗੇ ਸਰਕਾਰੀ ਕੈਂਪਾਂ `ਚ ਪੀੜਤ ਸਿੱਖਾਂ ਨੇ ਕੁਝ ਕਾਂਗਰਸੀ ਆਗੂਆਂ ਦੇ ਨਾਂਅ ਲਏ ਸਨ, ਜੋ ਮੈਂ ਬਾਅਦ `ਚ ਲੋਕਾਂ ਨੂੰ ਦੱਸੇ ਸਨ। ਮੈਂ ਇਹ ਨਾਂਅ ਤਾਂ ਪਿਛਲੇ 34 ਵਰ੍ਹਿਆਂ ਤੋਂ ਲੈਂਦਾ ਆ ਰਿਹਾ ਹਾਂ; ਕਿਉਂਕਿ ਮੈਨੂੰ ਇਹੋ ਨਾਂਅ ਦੱਸੇ ਗਏ ਸਨ।“
ਕੈਪਟਨ ਨੇ ਦੱਸਿਆ ਕਿ ਦਿੱਲੀ ਸਿੱਖ ਕਤਲੇਆਮ ਤੋਂ ਬਾਅਦ ਉਹ ਜਦੋਂ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਨ ਗਏ ਸਨ, ਤਦ ਹਾਲਾਤ ਬਹੁਤ ਖ਼ਰਾਬ ਸਨ। ਉਦੋਂ ਵੀ ਬਹੁਤ ਸਾਰੀਆਂ ਲਾਸ਼ਾਂ ਸੜਕਾਂ `ਤੇ ਪਈਆਂ ਸੜ ਰਹੀਆਂ ਸਨ।