ਨਵੀਂ ਦਿੱਲੀ, 2 ਮਈ
ਦਿੱਲੀ ਸ਼ਰਾਬ ਘਪਲੇ ਮਾਮਲੇ ‘ਚ ਆਮ ਆਦਮੀ ਪਾਰਟੀ ਦੀਆਂ ਮੁਸ਼ਕਲਾਂ ਘੱਟ ਹੋਣ ਦਾ ਨਾਂ ਨਹੀਂ ਲੈ ਰਹੀਆਂ ਹਨ। ਦਿੱਲੀ ਆਬਕਾਰੀ ਨੀਤੀ ਮਾਮਲੇ ‘ਚ ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਵੱਲੋਂ ਪੂਰਕ ਚਾਰਜਸ਼ੀਟ ਦਾਇਰ ਕੀਤੀ ਗਈ ਹੈ। ਇਸ ਚਾਰਜਸ਼ੀਟ ਵਿੱਚ ਦਿੱਲੀ ਸ਼ਰਾਬ ਘਪਲੇ ਦੀ ਜਾਂਚ ਦਾ ਸੇਕ ਹੁਣ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਰਾਘਵ ਚੱਢਾ ਤੱਕ ਪਹੁੰਚਦਾ ਨਜ਼ਰ ਆ ਰਿਹਾ ਹੈ। ਈਡੀ ਦੀ ਇਸ ਚਾਰਜਸ਼ੀਟ ਵਿੱਚ ਕਈ ਵੱਡੇ ਖੁਲਾਸੇ ਹੋਏ ਹਨ। ਹੁਣ ਆਬਕਾਰੀ ਨੀਤੀ ਦੇ ਮਾਮਲੇ ਵਿੱਚ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਰਾਘਵ ਚੱਢਾ ਦਾ ਨਾਂ ਸਾਹਮਣੇ ਆਇਆ ਹੈ। ਈਡੀ ਦੀ ਚਾਰਜਸ਼ੀਟ ਮੁਤਾਬਕ ਮਨੀਸ਼ ਸਿਸੋਦੀਆ ਦੇ ਸਾਬਕਾ ਸਕੱਤਰ ਸੀ. ਅਰਵਿੰਦ ਨੇ ਆਪਣੇ ਬਿਆਨ ਵਿੱਚ ਰਾਘਵ ਚੱਢਾ ਦਾ ਨਾਂ ਲਿਆ ਹੈ। ਚਾਰਜਸ਼ੀਟ ਦੇ ਅਨੁਸਾਰ ਅਰਵਿੰਦ ਨੇ ਆਪਣੇ ਬਿਆਨ ਵਿੱਚ ਕਿਹਾ ਕਿ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੇ ਘਰ ਮੀਟਿੰਗ ਹੋਈ, ਜਿਸ ਵਿੱਚ ਰਾਘਵ ਚੱਢਾ, ਪੰਜਾਬ ਦੇ ਆਬਕਾਰੀ ਤੇ ਕਰ ਅਧਿਕਾਰੀ ਤੇ ਹੋਰ ਮੌਜੂਦ ਸਨ। ਰਾਘਵ ਚੱਢਾ ਦਾ ਨਾਂ ਚਾਰਜਸ਼ੀਟ ‘ਚ ਦਰਜ ਹੈ ਪਰ ਇਹ ਮੁਲਜ਼ਮ ਵਜੋਂ ਨਹੀਂ ਹੈ।

ਇਸ ਦੌਰਾਨ ਸ੍ਰੀ ਚੱਢਾ ਨੇ ਕਿਹਾ ਕਿ ਈਡੀ ਵੱਲੋਂ ਉਨ੍ਹਾਂ ਨੂੰ ਮੁਲਜ਼ਮ ਵਜੋਂ ਨਾਮਜ਼ਦ ਕਰਨ ਦੀਆਂ ਖ਼ਬਰਾਂ ਝੂਠੀਆਂ ਅਤੇ ਬਦਨਾਮ ਕਰਨ ਵਾਲੀਆਂ ਹਨ। ਉਨ੍ਹਾਂ ਕਿਹਾ,‘ ਮੈਂ ਮੀਡੀਆ ਨੂੰ ਬੇਨਤੀ ਕਰਦਾ ਹਾਂ ਕਿ ਉਹ ਗਲਤ ਰਿਪੋਰਟਾਂ ਤੋਂ ਪ੍ਰਹੇਜ਼ ਕਰੇ ਅਤੇ ਸਪੱਸ਼ਟੀਕਰਨ ਜਾਰੀ ਕਰੇ। ਅਜਿਹਾ ਨਾ ਕਰਨ ’ਤੇ ਮੈਨੂੰ ਕਾਨੂੰਨੀ ਕਾਰਵਾਈ ਕਰਨ ਲਈ ਮਜਬੂਰ ਹੋਣਾ ਪਵੇਗਾ।