ਨਵੀਂ ਦਿੱਲੀ, 2 ਮਈ

ਦੇਸ਼ ਦੇ ਪੰਜ ਰਾਜਾਂ ਪੱਛਮੀ ਬੰਗਾਲ, ਤਾਮਿਲਨਾਡੂ, ਕੇਰਲਾ, ਅਸਾਮ ਤੇ ਪੁੱਡੂਚੇਰੀ ਵਿਧਾਨ ਸਭਾ ਦੇ ਚੋਣ ਨਤੀਜਿਆਂ ’ਤੇ ਦਿੱਲੀ ਦੇ ਮੋਰਚਿਆਂ ਵਿੱਚ ਬੈਠੇ ਕਿਸਾਨਾਂ ਦੀ ਸਵੇਰੇ ਤੋਂ ਹੀ ਨਜ਼ਰ ਟਿੱਕੀ ਰਹੀ। ਖ਼ਾਸ ਕਰਕੇ ਪੱਛਮੀ ਬੰਗਾਲ ਦੇ ਚੋਣ ਨਤੀਜਿਆਂ ਵੱਲ ਅੰਦੋਲਨਕਾਰੀ ਕਿਸਾਨਾਂ ਦੀ ਵਿਸ਼ੇਸ਼ ਰੁਚੀ ਰਹੀ ਤੇ ਨੰਦੀਗ੍ਰਾਮ ਦੇ ਨਤੀਜਿਆਂ ਨੂੰ ਧਿਆਨ ਨਾਲ ਸੁਣਦੇ ਰਹੇ। ਚੇਤੇ ਰਹੇ ਪੰਜਾਬ ਤੇ ਹਰਿਆਣਾ ਦੇ ਕਿਸਾਨ ਆਗੂਆਂ ਨੇ ਪੱਛਮੀ ਬੰਗਾਲ ਵਿੱਚ ਜਾ ਕੇ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦੀ ਖ਼ਿਲਾਫ਼ਤ ਕੀਤੀ ਸੀ। ਕਿਸਾਨ ਆਗੂਆਂ ਨੇ ਉੱਥੇ ਜਾ ਕੇ ਕਿਸਾਨਾਂ ਨੂੰ ਖੇਤੀ ਕਾਨੂੰਨਾਂ ਬਾਰੇ ਦੱਸਿਆ ਸੀ। ਸਿੰਘੂ ਮੋਰਚੇ ਤੇ ਹੋਰ ਮੋਰਚਿਆਂ ‘ਤੇ ਜਿਨ੍ਹਾਂ ਝੋਪੜੀਆਂ ਤੇ ਟਰਾਲੀਆਂ ਵਿੱਚ ਟੀਵੀ ਜਾਂ ਲੈੱਪਟੌਪ ਲੱਗੇ ਹੋਏ ਸਨ ਉੱਥੇ ਕਿਸਾਨਾਂ ਨੇ ਨਤੀਜੇ ਦੇਖੇ।