ਨਵੀਂ ਦਿੱਲੀ, 4 ਮਈ
ਦਿੱਲੀ ਮਹਿਲਾ ਕਮਿਸ਼ਨ ਦੀ ਮੁਖੀ ਸਵਾਤੀ ਮਾਲੀਵਾਲ ਅੱਜ ਜੰਤਰ ਮੰਤਰ ਵਿਖੇ ਮਹਿਲਾ ਪਹਿਲਵਾਨਾਂ ਨੂੰ ਮਿਲੀ। ਉਨ੍ਹਾਂ ਟਵੀਟ ਕੀਤਾ, ‘ਮੈਂ ਕੁੜੀਆਂ (ਪਹਿਲਵਾਨਾਂ) ਨੂੰ ਦੁਬਾਰਾ ਮਿਲਣ ਆਈ ਹਾਂ ਕਿਉਂਕਿ ਇਹ ਮੇਰਾ ਫਰਜ਼ ਹੈ। ਪਹਿਲਵਾਨ ਵਿਨੇਸ਼ ਫੋਗਾਟ ਅਤੇ ਸਾਕਸ਼ੀ ਮਲਿਕ ਨੇ ਸਾਨੂੰ ਦੱਸਿਆ ਕਿ ਉਨ੍ਹਾਂ ‘ਤੇ ਤਸ਼ੱਦਦ ਕੀਤਾ ਜਾ ਰਿਹਾ ਸੀ ਅਤੇ ਉੱਥੇ ਪੁਲੀਸ ਅਧਿਕਾਰੀ ਸਨ, ਜੋ ਸ਼ਰਾਬੀ ਸਨ ਅਤੇ ਉਨ੍ਹਾਂ ਨਾਲ ਦੁਰਵਿਵਹਾਰ ਕੀਤਾ ਗਿਆ ਸੀ। ਮੈਂ ਉਨ੍ਹਾਂ ਦੀ ਸੁਰੱਖਿਆ ਲਈ ਚਿੰਤਤ ਹਾਂ। ਦਿੱਲੀ ਪੁਲੀਸ ਬ੍ਰਿਜ ਭੂਸ਼ਨ ਨੂੰ ਕਿਉਂ ਬਚਾ ਰਹੀ ਹੈ? ਦਿੱਲੀ ਪੁਲੀਸ ਉਸ ਨੂੰ ਗ੍ਰਿਫਤਾਰ ਕਿਉਂ ਨਹੀਂ ਕਰ ਰਹੀ?
ਇਸ ਦੌਰਾਨ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਬੀਤੀ ਰਾਤ ਭਲਵਾਨਾਂ ਨਾਲ ਦੁਰਵਿਹਾਰ ਕਰਨ ਦੀ ਨਿੰਦਾ ਕੀਤੀ। ਉਨ੍ਹਾਂ ਟਵੀਟ ਕੀਤਾ,‘ਦੇਸ਼ ਦੇ ਚੈਂਪੀਅਨ ਖਿਡਾਰੀਆਂ ਨਾਲ ਅਜਿਹਾ ਦੁਰਵਿਵਹਾਰ? ਇਹ ਬਹੁਤ ਹੀ ਦੁਖਦਾਈ ਅਤੇ ਸ਼ਰਮਨਾਕ ਹੈ। ਸਾਰੀ ਭਾਜਪਾ ਹੰਕਾਰੀ ਹੋਈ ਹੈ। ਇਹ ਲੋਕ ਸਿਰਫ ਜ਼ੋਰ ਨਾਲ ਪੂਰੇ ਸਿਸਟਮ ਨੂੰ ਚਲਾਉਣਾ ਚਾਹੁੰਦੇ ਹਨ। ਉਨ੍ਹਾਂ ਨੇ ਪੂਰੇ ਸਿਸਟਮ ਦਾ ਮਜ਼ਾਕ ਉਡਾਇਆ ਹੈ। ਦੇਸ਼ ਦੇ ਸਾਰੇ ਲੋਕਾਂ ਨੂੰ ਮੇਰੀ ਅਪੀਲ ਹੈ ਕਿ ਹੁਣ ਬੱਸ ਹੋਰ ਨਹੀਂ, ਭਾਜਪਾ ਦੀ ਗੁੰਡਾਗਰਦੀ ਨੂੰ ਬਰਦਾਸ਼ਤ ਨਾ ਕਰੋ, ਭਾਜਪਾ ਨੂੰ ਉਖਾੜ ਸੁੱਟਣ ਦੇ ਨਾਲ-ਨਾਲ ਹੁਣ ਉਨ੍ਹਾਂ ਨੂੰ ਭਜਾਉਣ ਦਾ ਵੀ ਸਮਾਂ ਆ ਗਿਆ ਹੈ।’