ਨਵੀਂ ਦਿੱਲੀ, 1 ਦਸੰਬਰ
ਸਿੰਘੂ ਬਾਰਡਰ ਤੇ ਬਹਾਦਰਗੜ੍ਹ ਦੀ ਟੀਕਰੀ ਹੱਦ ‘ਤੇ ਚੱਲ ਰਹੇ ਕਿਸਾਨਾਂ ਦੇ ਧਰਨੇ ‘ਤੇ ਆਸ-ਪਾਸ ਦੇ ਪਿੰਡਾਂ ਦੇ ਲੋਕ ਇਨ੍ਹਾਂ ਦੋਨਾਂ ਮੋਰਚਿਆਂ ‘ਤੇ ਆਪਣੇ ਵਿੱਤ ਮੁਤਾਬਕ ਮਦਦ ਕਰਨ ਲੱਗੇ ਹਨ। ਸਥਾਨਕ ਕਿਸਾਨਾਂ ਵੱਲੋਂ ਇਸ ਸੰਘਰਸ਼ ਵਿੱਚ ਆਪਣੇ ਵਿੱਤ ਅਨੁਸਾਰ ਯੋਗਦਾਨ ਪਾਇਆ ਜਾ ਰਿਹਾ ਹੈ। ਉਹ ਸਬਜ਼ੀਆਂ ਤੇ ਲੱਸੀ ਪਹੁੰਚਾਉਣ ਲੱਗੇ ਹਨ। ਸੋਨੀਪਤ ਦੇ ਪਿੰਡ ਸਪੋਲੀ ਦੇ ਕਿਸਾਨ ਨੌਜਵਾਨਾਂ ਕੁਲਦੀਪ ਤੇ ਸੱਤ ਪ੍ਰਕਾਸ਼ ਕੁੱਝ ਸਬਜ਼ੀ ਆਪਣੇ ਖੇਤਾਂ ਵਿੱਚੋਂ ਗੋਭੀ ਤੇ ਪਾਲਕ ਅਤੇ ਮੰਡੀ ਤੋਂ ਗਾਜਰਾਂ, ਮੂਲੀਆਂ, ਮਟਰ ਖ਼ਰੀਦ ਕੇ ਸਿੰਘੂ ਬਾਰਡਰ ਵਿਖੇ ਲੈ ਕੇ ਆਏ। ਕਿਸਾਨ ਏਕਤਾ ਜ਼ਿੰਦਾਬਾਦ ਦੇ ਨਾਅਰੇ ਲਾਉਂਦੇ ਹੋਏ ਉਨ੍ਹਾਂ ਕਿਹਾ ਕਿ ਪੰਜਾਬ ਤੇ ਹਰਿਆਣਾ ਦੇ ਕਿਸਾਨਾਂ ਨੂੰ ਸੱਤਾਧਾਰੀਆਂ ਵੱਲੋਂ ਵੰਡਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਹ ਤਿੰਨ ਦਿਨ ਤੋਂ ਇਹ ਸਬਜ਼ੀਆਂ 6 ਕਿਲੋਮੀਟਰ ਦੇ ਖੇਤਰ ਵਿੱਚ ਖੜ੍ਹੀਆਂ ਟਰਾਲੀਆਂ ਕੋਲ ਵੱਖ-ਵੱਖ ਥਾਵਾਂ ‘ਤੇ ਪਹੁੰਚਾ ਰਹੇ ਹਨ। ਇਸੇ ਤਰ੍ਹਾਂ ਗਨੌਰ ਪੁਗਖੇਲਾ ਪਿੰਡ ਦਾ ਦੋਧੀ ਦੀਪਕ ਮੋਟਰਸਾਈਕਲ ‘ਤੇ ਲੱਸੀ ਲੈ ਕੇ ਪੁੱਜਾ। ਉਸ ਨੇ ਇਹ ਲੱਸੀ ਸਵੇਰੇ ਪਿੰਡ ਵਿੱਚੋਂ ਇਕੱਠੀ ਕੀਤੀ ਤੇ ਸਿੰਘੂ ਬਾਰਡਰ ਪੁੱਜਾ। ਇਸੇ ਤਰ੍ਹਾਂ ਟੀਕਰੀ ਦੇ ਧਰਨੇ ਉਪਰ ਵੀ ਸਥਾਨਕ ਕਿਸਾਨ ਆਪਣੇ ਪੱਧਰ ‘ਤੇ ਵੱਖ-ਵੱਖ ਰੁਪਾਂ ਵਿੱਚ ਮਦਦ ਕਰਨ ਲੱਗੇ ਹੋਏ ਹਨ।