ਸ੍ਰੀ ਫ਼ਤਿਹਗੜ੍ਹ ਸਾਹਿਬ : ਸਿੱਖ ਗੁਰੂ ਸਾਹਿਬਾਨ ਦੀਆਂ ਧਰਮ ਦੀ ਰਖਿਆ ਲਈ ਕੁਰਬਾਨੀਆਂ ਤੋਂ ਪ੍ਰਭਾਵਤ ਹੋ ਕੇ ਠਾਕੁਰ ਪ੍ਰਵਾਰਾਂ ਦੇ 2 ਹਿੰਦੂ ਨੌਜਵਾਨਾਂ ਨੇ ਕਿਹਾ ਕਿ ਜਿਸ ਗੁਰੂ ਨੇ ਸਾਡੇ ਲਈ ਇੰਨੀਆਂ ਵੱਡੀਆਂ ਕੁਰਬਾਨੀਆਂ ਕੀਤੀਆਂ ਹਨ ਉਸ ਲਈ ਅਸੀਂ ਵੀ ਕੇਸਾਂ ਦੀ ਬੇਅਦਬੀ ਨਹੀਂ ਕਰਾਂਗੇ ਅਤੇ ਸਿੱਖ ਸਜਕੇ ਅਜਿਹੇ ਗੁਰੂ ਦੇ ਪੁੱਤਰ ਬਣਨ ਦਾ ਪ੍ਰਣ ਕਰਦੇ ਹਾਂ।
ਇਹ ਪ੍ਰਗਟਾਵਾ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਸ਼ਵ ਯੂਨੀਵਰਸਟੀ ਫ਼ਤਿਹਗੜ੍ਹ ਸਾਹਿਬ ਦੇ ਸਹਿਯੋਗ ਨਾਲ ਟੀਮ ਸਾਂਝੀਵਾਲ ਵਲੋਂ ਇਥੇ ਸ਼ਹੀਦੀ ਸਭਾ ਵਿਖੇ ਲਗਾਏ ਗਏ 12ਵੇਂ ਦਸਤਾਰ ਸਿਖਲਾਈ ਕੈਂਪ ਦੇ ਇੰਚਾਰਜ ਗਗਨਦੀਪ ਸਿੰਘ, ਜਗਜੀਵਨ ਸਿੰਘ ਅਤੇ ਪਰਮਿੰਦਰ ਸਿੰਘ ਨੇ ਇਥੇ ਰੋਜ਼ਾਨਾ ਸਪੋਕਸਮੈਨ ਨਾਲ ਗੱਲਬਾਤ ਕਰਦਿਆਂ ਕੀਤਾ।
ਉਨ੍ਹਾਂ ਦਸਿਆ ਕਿ ਅਮਰ ਸ਼ਹੀਦਾਂ ਬਾਬਾ ਜ਼ੋਰਾਵਰ ਸਿੰਘ, ਬਾਬਾ ਫ਼ਤਿਹ ਸਿੰਘ ਅਤੇ ਮਾਤਾ ਗੁਜਰ ਕੌਰ ਜੀ ਦੀ ਸ਼ਹਾਦਤ ਨੂੰ ਸਮਰਪਤ ਸ਼ਹੀਦੀ ਸਭਾ ਵਿਚ ਤਿੰਨ ਦਿਨਾਂ ਕੈਂਪ ਦੌਰਾਨ 117 ਜਣਿਆਂ ਨੇ ਪੰਜਾਬ ਤੋਂ ਇਲਾਵਾ ਦੂਜਿਆਂ ਸੂਬਿਆਂ ਤੋਂ ਆ ਕੇ ਪ੍ਰਣ ਲਿਆ ਕਿ ਉਹ ਕੇਸ ਅਤੇ ਦਾੜ੍ਹੀ ਦੀ ਬੇਅਦਬੀ ਨਹੀਂ ਕਰਨਗੇ ਅਤੇ ਗੁਰੂ ਵਾਲੇ ਬਣਨਗੇ।
ਸੰਸਥਾ ਵਲੋਂ ਉਨ੍ਹਾਂ ਦਾ ਦਸਤਾਰਾਂ ਅਤੇ ਸਿੱਖ ਸਾਹਿਤ ਨਾਲ ਸਨਮਾਨ ਕੀਤਾ ਗਿਆ। ਯੂਨੀਵਰਸਟੀ ਦੇ ਵੀ ਸੀ ਡਾਕਟਰ ਪ੍ਰਿਤਪਾਲ ਸਿੰਘ ਤੇ ਸੁਰਜੀਤ ਸਿੰਘ ਗੜ੍ਹੀ ਮੈਂਬਰ ਐਸ ਜੀ ਪੀ ਸੀ ਨੇ ਸੰਸਥਾ ਦੇ ਇਸ ਉਦਮ ਦੀ ਰੱਜਵੀਂ ਪ੍ਰਸ਼ੰਸਾ ਕੀਤੀ। ਇਸ ਮੌਕੇ ਟੀਮ ਸਾਂਝੀਵਾਲ ਦੇ ਗਗਨਦੀਪ ਸਿੰਘ ਅਤੇ ਫ਼ਤਹਿ ਫ਼ਾਊਂਡੇਸ਼ਨ ਦੇ ਜਗਜੀਵਨ ਸਿੰਘ ਨੇ ਕਿਹਾ ਕਿ ਜਿਥੇ ਅਸੀਂ ਪਕੌੜਿਆਂ ਅਤੇ ਖੀਰਾਂ ਦੇ ਲੰਗਰ ਲਗਾਉਂਦੇ ਹਾਂ ਉਥੇ ਸਾਨੂੰ ਸਿਹਤ, ਸਿਖਿਆ ਅਤੇ ਦਸਤਾਰਾਂ ਦੇ ਲੰਗਰ ਵੀ ਲਾਉਣੇ ਚਾਹੀਦੇ ਹਨ।
ਜਥੇਬੰਦੀ ਵਲੋਂ 14 ਅਪ੍ਰੈਲ ਖ਼ਾਲਸਾ ਸਾਜਨਾ ਦਿਵਸ ਤੇ 5 ਲੋੜਵੰਦ ਮਾਪਿਆਂ ਦੀਆਂ ਬੱਚਿਆਂ ਦੇ ਵਿਆਹ ਵੀ ਕਰਵਾਏ ਜਾਣਗੇ। ਇਸ ਮੌਕੇ ਜਸਪ੍ਰੀਤ ਸਿੰਘ ਜੱਸੀ, ਗੁਰਪ੍ਰੀਤ ਸਿੰਘ ਸਿੱਧੂ, ਪਵਿਤੱਰ ਸਿੰਘ, ਜਗਪ੍ਰੀਤ ਸਿੰਘ, ਸਰਬਜੀਤ ਸਿੰਘ, ਜਸਵਿੰਦਰ ਸਿੰਘ, ਅਤੇ ਜਸਬੀਰ ਸਿੰਘ ਨੇ ਕੈਂਪ ਵਿਚ ਸੇਵਾ ਨਿਭਾਈ। ਕੈਂਪ ਵਿਚ 80 ਦੇ ਕਰੀਬ ਦਸਤਾਰ ਕੋਚਾਂ ਵਲੋਂ ਸੇਵਾਵਾਂ ਦਿਤੀਆਂ ਗਈਆਂ। ਫ਼ਤਹਿ ਫ਼ਾਊਂਡੇਸ਼ਨ ਵਲੋਂ ਬੱਚਿਆਂ ਕੋਲੋਂ ਗੁਰਬਾਣੀ ਅਤੇ ਸਾਹਿਬਜ਼ਾਦਿਆਂ ਦਾ ਇਤਿਹਾਸ ਸੁਣ ਕੇ ਉਨ੍ਹਾਂ ਨੂੰ ਇਨਾਮ ਵੀ ਦਿਤੇ ਗਏ।