ਨਵੀਂ ਦਿੱਲੀ/ਜਬਲਪੁਰ, 12 ਮਾਰਚ
ਦਿੱਲੀ ਤੋਂ ਆਈ ਅਲਾਇੰਸ ਏਅਰ ਦੀ ਉਡਾਣ ਅੱਜ ਇਥੇ ਜਬਲਪੁਰ ਹਵਾਈ ਅੱਡੇ ’ਤੇ ਉਤਰਨ ਮਗਰੋਂ ਹਵਾਈ ਪੱਟੀ ਤੋਂ ਹੇਠਾਂ ਖਿਸਕ ਗਈ। ਜਹਾਜ਼ ਵਿੱਚ ਅਮਲੇ ਦੇ ਮੈਂਬਰਾਂ ਤੋਂ ਇਲਾਵਾ 55 ਮੁਸਾਫ਼ਰ ਸਵਾਰ ਸਨ। ਹਵਾਬਾਜ਼ੀ ਰੈਗੂਲੇਟਰ ਡੀਜੀਸੀਏ ਨੇ ਕਿਹਾ ਕਿ ਬਾਅਦ ਦੁਪਹਿਰ ਵਾਪਰੀ ਇਸ ਘਟਨਾ ਦੌਰਾਨ ਮੁਸਾਫ਼ਰਾਂ ਜਾਂ ਅਮਲੇ ਦੇ ਮੈਂਬਰਾਂ ਨੂੰ ਕਿਸੇ ਸੱਟ-ਫੇਟ ਤੋਂ ਬਚਾਅ ਰਿਹਾ। ਡੀਜੀਸੀਏ ਨੇ ਘਟਨਾ ਦੀ ਜਾਂਚ ਆਰੰਭ ਦਿੱਤੀ ਹੈ। ਜਹਾਜ਼ ਨੇ ਸਵੇਰੇ ਸਾਢੇ ਗਿਆਰਾਂ ਵਜੇ ਦਿੱਲੀ ਤੋਂ ਉਡਾਣ ਭਰੀ ਸੀ ਤੇ ਬਾਅਦ ਦੁਪਹਿਰ ਸਵਾ ਇਕ ਵਜੇ ਦੇ ਕਰੀਬ ਇਹ ਮੱਧ ਪ੍ਰਦੇਸ਼ ਦੇ ਜਬਲਪੁਰ ਹਵਾਈ ਅੱਡੇ ’ਤੇ ਉਤਰਿਆ। ਏਅਰਪੋਰਟ ਦੇ ਡਾਇਰੈਕਟਰ ਕੁਸੁਮ ਦਾਸ ਨੇ ਕਿਹਾ ਕਿ ਹਾਦਸੇ ਕਰਕੇ ਚਾਰ ਤੋਂ ਪੰਜ ਘੰਟੇ ਲਈ ਹਵਾਈ ਅੱਡੇ ਦਾ ਕੰਮਕਾਜ ਅਸਰਅੰਦਾਜ਼ ਰਿਹਾ।