ਰਾਸ਼ਟਰੀ ਰਾਜਧਾਨੀ ਦਿੱਲੀ ਵਿੱਚ ਇੱਕ ਵੱਡਾ ਧਮਾਕਾ ਹੋਇਆ। ਇਹ ਘਟਨਾ ਲਾਲ ਕਿਲ੍ਹੇ ਦੇ ਨੇੜੇ ਵਾਪਰੀ, ਜਿੱਥੇ ਇੱਕ ਪਾਰਕ ਕੀਤੀ ਕਾਰ ਵਿੱਚ ਧਮਾਕਾ ਹੋਇਆ, ਜਿਸ ਨਾਲ ਇਲਾਕੇ ਵਿੱਚ ਦਹਿਸ਼ਤ ਫੈਲ ਗਈ। ਧਮਾਕੇ ਤੋਂ ਤੁਰੰਤ ਬਾਅਦ ਕਾਰ ਨੂੰ ਅੱਗ ਲੱਗ ਗਈ, ਜਿਸ ਨਾਲ ਨੇੜਲੀਆਂ ਦੋ ਹੋਰ ਕਾਰਾਂ ਵੀ ਸੜ ਕੇ ਸੁਆਹ ਹੋ ਗਈਆਂ। ਕਈ ਲੋਕਾਂ ਦੇ ਜ਼ਖਮੀ ਹੋਣ ਦੀ ਖ਼ਬਰ ਹੈ। ਪੁਲਿਸ ਅਤੇ ਫਾਇਰ ਬ੍ਰਿਗੇਡ ਦੀਆਂ ਟੀਮਾਂ ਮੌਕੇ ‘ਤੇ ਪਹੁੰਚ ਗਈਆਂ ਹਨ।

ਇਹ ਘਟਨਾ ਲਾਲ ਕਿਲ੍ਹਾ ਮੈਟਰੋ ਸਟੇਸ਼ਨ ਦੇ ਗੇਟ ਨੰਬਰ 1 ਦੇ ਨੇੜੇ ਵਾਪਰੀ ਦੱਸੀ ਜਾ ਰਹੀ ਹੈ। ਫਾਇਰ ਬ੍ਰਗੇਡ ਦੀਆਂ ਪੰਜ ਗੱਡੀਆਂ ਮੌਕੇ ‘ਤੇ ਪਹੁੰਚ ਗਈਆਂ ਹਨ। ਇਹ ਇੱਕ ਭੀੜ-ਭੜੱਕੇ ਵਾਲਾ ਇਲਾਕਾ ਹੈ, ਜਿਥੇ ਅਕਸਰ ਸ਼ਾਮ ਨੂੰ ਭੀੜ ਰਹਿੰਦੀ ਹੈ। ਇਹ ਅਜੇ ਸਪੱਸ਼ਟ ਨਹੀਂ ਹੈ ਕਿ ਧਮਾਕਾ ਕਾਰ ਵਿੱਚ ਸੀਐਨਜੀ ਲੀਕ ਹੋਣ ਕਾਰਨ ਹੋਇਆ ਸੀ ਜਾਂ ਕਿਸੇ ਹੋਰ ਕਾਰਨ ਕਰਕੇ। ਅਧਿਕਾਰੀ ਮੌਕੇ ‘ਤੇ ਪਹੁੰਚ ਗਏ ਹਨ। ਹਾਲਾਂਕਿ, ਜਾਂਚ ਜਾਰੀ ਹੈ ਅਤੇ ਧਮਾਕੇ ਸੰਬੰਧੀ ਕੋਈ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਗਿਆ ਹੈ।

ਮੌਕੇ ‘ਤੇ NIA ਤੇ ਫੋਰੈਂਸਿਕ ਦੀਆਂ ਟੀਮਾਂ ਵੀ ਜਾਂਚ ਲਈ ਪਹੁੰਚ ਗਈਆਂ ਹਨ। ਹਰ ਐਂਗਲ ਤੋਂ ਜਾਂਚ ਜਾਰੀ ਹੈ। ਇਸ ਹਾਦਸੇ ‘ਤੇ ਦਿੱਲੀ ਫਾਇਰ ਵਿਭਾਗ ਵੱਲੋਂ ਦਿੱਤੀ ਜਾਣਕਾਰੀ ਵਿਚ ਕਿਹਾ ਗਿਆ ਹੈ ਕਿ ਲਾਲ ਕਿਲ੍ਹਾ ਮੈਟਰੋ ਸਟੇਸ਼ਨ ਦੇ ਗੇਟ ਨੰਬਰ-1 ਦੇ ਕੋਲ ਇੱਕ ਕਾਰ ਵਿਚ ਧਮਾਕਾ ਹੋਣ ਦੀ ਸੂਚਨਾ ਮਿਲੀ ਸੀ। ਇਸ ਤੋਂ ਬਾਅਦ 3 ਤੋਂ 4 ਗੱਡੀਆਂ ਵਿਚ ਵੀ ਅੱਗ ਲੱਗ ਗਈ। ਉਨ੍ਹਾਂ ਨੂੰ ਨੁਕਸਾਨ ਪਹੁੰਚਿਆ ਹੈ।

ਉਥੇ ਮੌਜੂਦ ਇੱਕ ਬੰਦੇ ਨੇ ਦੱਸਿਆ ਕਿ ਧਮਾਕਾ ਇੰਨਾ ਜਬਰਦਸਤ ਸੀ ਕਿ ਆਲੇ-ਦੁਆਲੇ ਦੇ ਘਰ ਹਿਲ ਗਏ। ਇੰਨਾ ਹੀ ਨਹੀਂ ਘਟਨਾ ਵਾਲੀ ਥਾਂ ਦੇ ਆਲੇ-ਦੁਆਲੇ ਦੀਆਂ ਦੁਕਾਨਾਂ ਦੇ ਸ਼ੀਸ਼ੇ ਟੁੱਟ ਗਏ। ਲੋਕ ਦਹਿਸ਼ਤ ਵਿਚ ਆ ਗਏ। ਇਸ ਤੋਂ ਪਹਿਲਾਂ ਅਸੀਂ ਕੁਝ ਸਮਝ ਪਾਉਂਦੇ, ਜਿਸ ਕਾਰ ਵਿਚ ਧਮਾਕਾ ਹੋਇਆ ਸੀ ਅਤੇ ਉਸ ਦੀ ਲਪੇਟ ਵਿਚ ਆਈਆਂ ਕਾਰਾਂ ਅੱਗ ਦਾ ਗੋਲਾ ਬਣ ਗਈਆਂ।