ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਕਾਂਸਟੇਬਲ ਕਿਰਨਪਾਲ ਕਤਲ ਕਾਂਡ ਦੇ ਮੁੱਖ ਦੋਸ਼ੀ ਰੌਕੀ ਉਰਫ਼ ਰਾਘਵ ਨੂੰ ਸ਼ਨੀਵਾਰ ਦੇਰ ਰਾਤ ਓਖਲਾ ਇਲਾਕੇ ਵਿੱਚ ਇੱਕ ਮੁਕਾਬਲੇ ਵਿੱਚ ਮਾਰ ਸੁੱਟਿਆ। ਪੁਲਿਸ ਨੇ ਉਸ ਕੋਲੋਂ ਇੱਕ .32 ਬੋਰ ਦਾ ਪਿਸਤੌਲ ਅਤੇ ਦੋ ਕਾਰਤੂਸ ਬਰਾਮਦ ਕੀਤੇ ਹਨ। ਇਸ ਮਾਮਲੇ ਵਿੱਚ ਦੋ ਮੁਲਜ਼ਮ ਕ੍ਰਿਸ਼ ਅਤੇ ਦੀਪਕ ਪਹਿਲਾਂ ਹੀ ਪੁਲਿਸ ਦੁਆਰਾ ਫੜੇ ਜਾ ਚੁੱਕੇ ਹਨ, ਦੀਪਕ ਨੂੰ ਮੁਠਭੇੜ ਤੋਂ ਬਾਅਦ ਕ੍ਰਾਈਮ ਬ੍ਰਾਂਚ ਨੇ ਫੜਿਆ ਸੀ, ਜਦੋਂ ਕਿ ਦੂਜੇ ਅਪਰਾਧੀ ਕ੍ਰਿਸ਼ ਨੂੰ ਸਥਾਨਕ ਪੁਲਿਸ ਨੇ ਫੜ ਲਿਆ ਸੀ। ਤੀਜਾ ਮੁਲਜ਼ਮ ਰੌਕੀ ਫ਼ਰਾਰ ਸੀ ਅਤੇ ਦੇਰ ਰਾਤ ਪੁਲਿਸ ਨੇ ਉਸ ਨੂੰ ਮਾਰ ਸੁੱਟਿਆ।

ਪੁਲਿਸ ਕਾਂਸਟੇਬਲ ਦੇ ਕਤਲ ਦੇ ਬਾਅਦ ਤੋਂ ਹੀ ਦਿੱਲੀ ਪੁਲਿਸ ਦੀਆਂ ਵੱਖ-ਵੱਖ ਟੀਮਾਂ ਤਿੰਨਾਂ ਬਦਮਾਸ਼ਾਂ ਦੀ ਭਾਲ ਕਰ ਰਹੀਆਂ ਸਨ। ਇਨ੍ਹਾਂ ‘ਚੋਂ ਦੋ ਨੂੰ ਫੜ ਲਿਆ ਗਿਆ ਸੀ ਪਰ ਕਾਂਸਟੇਬਲ ਨੂੰ ਚਾਕੂ ਮਾਰਨ ਵਾਲਾ ਤੀਜਾ ਅਪਰਾਧੀ ਫਰਾਰ ਸੀ, ਜਿਸ ਦੀ ਜਾਂਚ ‘ਚ ਜੁਟੀ ਸਪੈਸ਼ਲ ਸੈੱਲ ਦੀ ਟੀਮ ਨੂੰ ਸ਼ਨੀਵਾਰ ਦੇਰ ਰਾਤ ਪਤਾ ਲੱਗਾ ਕਿ ਤੀਜਾ ਅਪਰਾਧੀ ਸੰਗਮ ਵਿਹਾਰ ਦੇ ਡੀ ਬਲਾਕ ਦਾ ਰਹਿਣ ਵਾਲਾ ਰਾਘਵ ਉਰਫ ਰੌਕੀ ਹੈ।

ਇਸ ਤੋਂ ਬਾਅਦ ਪੁਲਿਸ ਟੀਮ ਅੱਧੀ ਰਾਤ ਨੂੰ ਉਸ ਨੂੰ ਗ੍ਰਿਫ਼ਤਾਰ ਕਰਨ ਲਈ ਉਸ ਦੇ ਟਿਕਾਣੇ ’ਤੇ ਪਹੁੰਚੀ। ਇਸ ਦੌਰਾਨ ਮੁਲਜ਼ਮ ਨੂੰ ਆਤਮ ਸਮਰਪਣ ਕਰਨ ਦੀ ਹਦਾਇਤ ਕੀਤੀ ਗਈ ਪਰ ਉਸ ਨੇ ਬਹੁਤ ਨੇੜਿਓਂ ਪੁਲਿਸ ਟੀਮ ’ਤੇ ਗੋਲੀ ਚਲਾ ਦਿੱਤੀ। ਸਵੈ-ਰੱਖਿਆ ਵਿੱਚ, ਪੁਲਿਸ ਨੇ ਜਵਾਬੀ ਕਾਰਵਾਈ ਕੀਤੀ ਅਤੇ ਗੋਲੀਬਾਰੀ ਕੀਤੀ, ਜਿਸ ਵਿੱਚ ਰੌਕੀ ਦੀ ਮੌਤ ਹੋ ਗਈ।

ਪੁਲਿਸ ਨੇ ਦੱਸਿਆ ਕਿ ਜਦੋਂ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਪੁੱਛਗਿੱਛ ਕੀਤੀ ਗਈ ਤਾਂ ਉਨ੍ਹਾਂ ਰੌਕੀ ਬਾਰੇ ਜਾਣਕਾਰੀ ਦਿੱਤੀ। ਇਹ ਵੀ ਦੱਸਿਆ ਗਿਆ ਕਿ ਕਾਂਸਟੇਬਲ ਕਿਰਨਪਾਲ ‘ਤੇ ਹਮਲਾ ਕਰਨ ਵਾਲਾ ਉਹੀ ਸੀ। ਉਦੋਂ ਤੋਂ ਹੀ ਪੁਲਿਸ ਰੌਕੀ ਦੀ ਭਾਲ ਵਿੱਚ ਲੱਗੀ ਹੋਈ ਸੀ। ਪਿੰਡ ਸਿਹਾਲੀ ਨਗਰ ਦਾ ਰਹਿਣ ਵਾਲਾ 28 ਸਾਲਾ ਕਿਰਨਪਾਲ 2018 ਵਿੱਚ ਦਿੱਲੀ ਪੁਲਿਸ ਵਿੱਚ ਕਾਂਸਟੇਬਲ ਵਜੋਂ ਭਰਤੀ ਹੋਇਆ ਸੀ। ਕਿਰਨਪਾਲ ਦੀ ਸ਼ਨੀਵਾਰ ਸਵੇਰੇ ਡਿਊਟੀ ਦੌਰਾਨ ਹੱਤਿਆ ਕਰ ਦਿੱਤੀ ਗਈ ਸੀ।

ਉੱਤਰ ਪ੍ਰਦੇਸ਼ ਦੇ ਬੁਲੰਦਸ਼ਹਿਰ ਜ਼ਿਲ੍ਹੇ ਦੇ ਅਹਰ ਥਾਣਾ ਖੇਤਰ ਦੇ ਪਿੰਡ ਸਿਹਾਲੀਨਗਰ ਦੇ ਰਹਿਣ ਵਾਲੇ ਦਿੱਲੀ ਪੁਲਿਸ ਕਾਂਸਟੇਬਲ ਕਿਰਨਪਾਲ ਦਾ ਅਵੰਤਿਕਾ ਦੇਵੀ ਗੰਗਾ ਘਾਟ ‘ਤੇ ਫ਼ੌਜੀ ਸਨਮਾਨਾਂ ਨਾਲ ਸਸਕਾਰ ਕੀਤਾ ਗਿਆ। ਦਿੱਲੀ ਪੁਲਿਸ ਦੇ ਉੱਚ ਅਧਿਕਾਰੀਆਂ ਦੇ ਨਾਲ-ਨਾਲ ਇਲਾਕੇ ਦੇ ਸੈਂਕੜੇ ਲੋਕਾਂ ਨੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ।