ਨਵੀਂ ਦਿੱਲੀ, 13 ਸਤੰਬਰ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਮਨਜਿੰਦਰ ਸਿੰਘ ਸਿਰਸਾ ਨੇ ਭਾਰਤ ਸਰਕਾਰ ਵੱਲੋਂ ਸਮੀਖਿਆ ਕਰਨ ਮਗਰੋਂ ਵਿਦੇਸ਼ਾਂ ਵਿਚ ਰਹਿੰਦੇ 312 ਸਿੱਖਾਂ ਦਾ ਨਾਮ ਕਾਲੀ ਸੂਚੀ ਵਿਚੋਂ ਹਟਾਉਣ ਦੇ ਫੈਸਲੇ ਦਾ ਸਵਾਗਤ ਕੀਤਾ ਹੈ।
ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸ੍ਰੀ ਸਿਰਸਾ ਨੇ ਕਿਹਾ ਕਿ ਇਸ ਫੈਸਲੇ ਨਾਲ ਸਿੱਖਾਂ ਨੂੰ ਵੱਡੀ ਰਾਹਤ ਮਿਲੀ ਹੇ ਜਿਹਨਾਂ ਨੂੰ ਸਮੇਂ ਦੀਆਂ ਕਾਂਗਰਸ ਸਰਕਾਰਾਂ ਖਿਲਾਫ ਬੋਲਣ ਲਈ ਬਲੈਕ ਲਿਸਟ ਕਰ ਦਿੱਤਾ ਗਿਆ ਸੀ। ਉਹਨਾਂ ਕਿਹਾ ਕਿ ਕਾਂਗਰਸ ਨੇ ਇਹ ਰਣਨੀਤੀ ਅਪਣਾਈ ਸੀ ਕਿ ਜਿਹੜਾ ਵੀ ਭਾਰਤ ਵਿਚ ਕਾਂਗਰਸ ਸਰਕਾਰਾਂ ਵੱਲੋਂ ਕੀਤੇ ਜਾ ਰਹੇ ਜਬਰ ਦੇ ਖਿਲਾਫ ਅਤੇ ਲੋਕਾਂ ਦੇ ਹੱਕ ਵਿਚ ਬੋਲੇਗਾ, ਉਸਦਾ ਨਾਮ ਕਾਲੀ ਸੂਚੀ ਵਿਚ ਪਾ ਦਿੱਤਾ ਜਾਵੇ। ਉਹਨਾਂ ਕਿਹਾ ਕਿ ਕਾਂਗਰਸ ਦੀ ਇਸ ਨੀਤੀ ਨਾਲ ਸੈਂਕੜੇ ਸਿੱਖਾਂ ਦਾ ਨਾਮ ਕੇਂਦਰ ਵਿਚ ਕਾਂਗਰਸ ਸਰਕਾਰਾਂ ਵੱਲੋਂ ਕਾਲੀ ਸੂਚੀ ਵਿਚ ਪਾ ਦਿੱਤਾ ਗਿਆ।
ਸ੍ਰੀ ਸਿਰਸਾ ਨੇ ਕਿਹਾ ਕਿ ਇਹ ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਅਤੇ ਕੇਂਦਰੀ ਕੈਬਨਿਟ ਮੰਤਰੀ ਸ੍ਰੀਮਤੀ ਹਰਸਿਮਰਤ ਕੌਰ ਬਾਦਲ ਦੇ ਨਿਰੰਤਰ ਯਤਨਾਂ ਦਾ ਨਤੀਜਾ ਹੈ ਕਿ ਹੁਣ ਇਸ ਸੂਚੀ ਵਿਚੋਂ 312 ਨਾਮ ਕੱਢਣ ਮਗਰੋਂ ਸਿਰਫ 2 ਨਾਮ ਹੀ ਰਹਿ ਗਏ ਹਨ। ਉਹਨਾਂ ਕਿਹਾ ਕਿ ਇਹ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਸ੍ਰੀ ਅਮਿਤ ਸਦਕਾ ਦੀ ਦੂਰਅੰਦੇਸ਼ੀ ਸੋਚ ਸਦਕਾ ਹੀ ਸੰਭਵ ਹੋਇਆ ਹੈ ਅਤੇ ਸਿੱਖ ਭਾਈਚਾਰਾ ਇਹਨਾਂ ਦਾ ਧੰਨਵਾਦੀ ਹੈ।
ਅਕਾਲੀ ਨੇਤਾ ਨੇ ਦੱਸਿਆ ਕਿ 1984 ਮਗਰੋਂ ਅਤੇ ਫਿਰ ਪੰਜਾਬ ਤੇ ਦੇਸ਼ ਦੇ ਹੋਰ ਭਾਗਾਂ ਵਿਚ ਬਣੇ ਮਾਹੌਲ ਕਾਰਨ ਕਈ ਸਿੱਖ ਆਪਣੀਆਂ ਜਾਨਾਂ ਬਚਾਉਣ ਲਈ ਦੇਸ਼ ਛੱਡ ਕੇ ਚਲੇ ਗਏ ਸਨ। ਉਹਨਾਂ ਕਿਹਾ ਕਿ ਇਹਨਾਂ ਸਿੱਖਾਂ ਨੂੰ 2016 ਤੱਕ ਕਾਲੀ ਸੂਚੀ ਵਿਚ ਪਾਈ ਰੰਖਿਆ ਗਿਆ ਜਿਸ ਕਾਰਨ ਉਹ ਭਾਰਤ ਆਉਣ ਲਈ ਵੀਜ਼ਾ ਲੈਣ ਵਾਸਤੇ ਅਯੋਗ ਹੋ ਗਏ।
ਉਹਨਾਂ ਕਿਹਾ ਕਿ ਇਹਨਾਂ ਸਿੱਖਾਂ ਦੇ ਰਾਹ ਵਿਚ ਸਭ ਤੋਂ ਵੱਡਾ ਮਸਲਾ ਵੀਜ਼ਾ ਸੇਵਾਵਾ ਪ੍ਰਾਪਤ ਕਰਨਾ ਸੀ ਕਿਉਂਕਿ ਭਾਰਤੀ ਮਿਸ਼ਨਾਂ ਵੱਲੋਂ ਰੱਖੀ ਜਾਂਦੀ ਸੂਚੀ ਕਾਰਨ ਵੀਜ਼ਾ ਮਿਲ ਨਹੀਂ ਸਕਦਾ ਸੀ। ਉਹਨਾਂ ਕਿਹਾ ਕਿ ਹੁਣ ਇਹ ਰਵਾਇਤ ਖਤਮ ਕਰ ਦਿੱਤੀ ਗਈ ਹੈ ਤੇ ਸਾਰੇ ਭਾਰਤੀ ਮਿਸ਼ਨਾਂ ਨੂੰ ਕਾਲੀ ਸੂਚੀ ਬੰਦ ਕਰਨ ਵਾਸਤੇ ਆਖਿਆ ਗਿਆ ਹੈ ਅਤੇ ਇਸਦੇ ਨਤੀਜੇ ਵਜੋਂ ਇਹ ਸਿੱਖ ਜਿਹਨਾਂ ਦਾ ਨਾਮ ਹੁਣ ਕੇਂਦਰੀ ਸੂਚੀ ਵਿਚ ਨਹੀਂ ਹੈ, ਦੇਸ਼ ਦੇ ਬਾਕੀ ਨਾਗਰਿਕਾਂ ਵਾਸਤੇ ਤੈਅ ਨਿਯਮਾਂ ਅਨੁਸਾਰ ਵੀਜ਼ੇ ਪ੍ਰਾਪਤ ਕਰ ਸਕਣਗੇ। ਉਹਨਾਂ ਕਿਹਾ ਕਿ ਹੁਣ ਜਿਹੜੇ ਸਿੱਖ ਭਾਰਤ ਦਾ ਚਿਰ ਕਾਲੀ ਵੀਜ਼ਾ ਪ੍ਰਾਾਪਤ ਕਰਨ ਦੇ ਯੋਗ ਹੋ ਜਾਣਗੇ ਉਹ ਓਵਰਸੀਜ਼ ਸਿਟੀਜਨਜ਼ ਆਫ ਇੰਡੀਆ ਦੇ ਕਾਰਡ ਹੋਲਡਰ ਵਜੋਂ ਰਜਿਸਟਰੇਸ਼ਨ ਲਈ ਵੀ ਅਪਲਾਈ ਕਰ ਸਕਦੇ ਹਨ ਬਸ਼ਰਤੇ ਕਿ ਇਹਨਾਂ ਕੋਲ ਭਾਰਤੀ ਵੀਜ਼ੇ ਨੂੰ ਦੋ ਸਾਲ ਹੋ ਚੁੱਕੇ ਹੋਣ।