ਨਵੀਂ ਦਿੱਲੀ, 22 ਦਸੰਬਰ
ਦਿੱਲੀ ਡਿਜ਼ਾਸਟਰ ਮੈਨੇਜਮੈਂਟ ਅਥਾਰਿਟੀ (ਡੀਡੀਐੱਮਏ) ਨੇ ਦਿੱਲੀ ਦੇ ਜ਼ਿਲ੍ਹਾ ਮੈਜਿਸਟਰੇਟਾਂ ਨੂੰ ਹੁਕਮ ਦਿੱਤੇ ਹਨ ਕਿ ਕੌਮੀ ਰਾਜਧਾਨੀ ਵਿੱਚ ਕ੍ਰਿਸਮਸ ਤੇ ਨਵੇਂ ਸਾਲ ਮੌਕੇ ਇਕੱਠ ਨਾ ਹੋਣ ਦਿੱਤੇ ਜਾਣ। ਜ਼ਿਕਰਯੋਗ ਹੈ ਕਿ ਦਿੱਲੀ ਵਿੱਚ ਕਰੋਨਾ ਤੇ ਓਮੀਕਰੋਨ ਕੇਸ ਮੁੜ ਵਧਣ ਲੱਗ ਪਏ ਹਨ। ਡੀਡੀਐੱਮਏ ਨੇ ਕੌਮੀ ਰਾਜਧਾਨੀ ਇਲਾਕੇ ਵਿੱਚ ਸਮਾਜਿਕ, ਸਿਆਸੀ, ਧਾਰਮਿਕ ਤੇ ਸਭਿਆਚਾਰਕ ਇਕੱਠਾਂ ’ਤੇ ਪਾਬੰਦੀ ਲਗਾ ਦਿੱਤੀ ਹੈ। ਇਸੇ ਦੌਰਾਨ ਰੈਸਤਰਾਂ ਤੇ ਬਾਰਾਂ ਵਿੱਚ 50 ਫੀਸਦ ਸਿਟਿੰਗ ਲਿਮਟ ਮੁੜ ਲਾਗੂ ਕਰ ਦਿੱਤੀ ਗਈ ਹੈ। ਵਿਆਹ ਸਮਾਗਮਾਂ ਵਿੱਚ 200 ਤੋਂ ਵਧ ਵਿਅਕਤੀ ਸ਼ਾਮਲ ਨਹੀਂ ਹੋ ਸਕਦੇ। ਮਾਸਕ ਲਾਉਣਾ ਲਾਜ਼ਮੀ ਕਰ ਦਿੱਤਾ ਗਿਆ ਹੈ ਤੇ ਸਮਾਜਿਕ ਦੂਰੀ ਦੇ ਨਿਯਮਾਂ ਦੀ ਪਾਲਣਾ ਕਰਨ ਦੇ ਹੁਕਮ ਦਿੱਤੇ ਗਏ ਹਨ।