ਹੈਦਰਾਬਾਦ, 15 ਅਪਰੈਲ
ਇੱਥੋਂ ਦੇ ਰਾਜੀਵ ਗਾਂਧੀ ਕੌਮਾਂਤਰੀ ਕ੍ਰਿਕਟ ਸਟੇਡੀਅਮ ’ਚ ਆਈਪੀਐੱਲ ਟੂਰਨਾਮੈਂਟ ਦੇ ਹੋਏ ਮੁਕਾਬਲੇ ’ਚ ਦਿੱਲੀ ਕੈਪੀਟਲਜ਼ ਨੇ ਸਨਰਾਈਜ਼ਰਜ਼ ਹੈਦਰਾਬਾਦ ਨੂੰ 39 ਦੌੜਾਂ ਨਾਲ ਹਰਾ ਦਿੱਤਾ। ਦਿੱਲੀ ਨੇ 7 ਵਿਕਟਾਂ ਗੁਆ ਕੇ ਹੈਦਰਾਬਾਦ ਨੂੰ ਜਿੱਤ ਲਈ 156 ਦੌੜਾਂ ਦਾ ਟੀਚਾ ਦਿੱੱਤਾ ਸੀ ਜਿਸ ਦੇ ਜਵਾਬ ਵਿੱਚ ਹੈਦਰਾਬਾਦ ਦੀ ਟੀਮ 116 ਦੌੜਾਂ ਬਣਾ ਕੇ ਆਊਟ ਹੋ ਗਈ।
ਟੀਚੇ ਦਾ ਪਿੱਛਾ ਕਰਨ ਉੱਤਰੀ ਹੈਦਰਾਬਾਦ ਨੂੰ ਡੇਵਿਡ ਵਾਰਨਰ (51) ਤੇ ਜੌਨੀ ਬੇਅਰਸਟਾਅ (41)ਨੇ ਚੰਗੀ ਸ਼ੁਰੂਆਤ ਦਿੱਤੀ ਪਰ ਇਸ ਤੋਂ ਬਾਅਦ ਕੋਈ ਵੀ ਬੱਲੇਬਾਜ਼ ਚੰਗੀ ਖੇਡ ਨਹੀਂ ਦਿਖਾ ਸਕਿਆ।
ਇਸ ਤੋਂ ਪਹਿਲਾਂ ਸਨਰਾਈਜ਼ਰਜ਼ ਹੈਦਰਾਬਾਦ ਦੇ ਗੇਂਦਬਾਜ਼ਾਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਦਿੱਲੀ ਕੈਪੀਟਲਜ਼ ਨੂੰ ਸੱਤ ਵਿਕਟਾਂ ’ਤੇ 155 ਦੌੜਾਂ ਹੀ ਬਣਾਉਣ ਦਿੱਤੀਆਂ। ਦਿੱਲੀ ਦੀ ਟੀਮ ਇੱਕ ਸਮੇਂ 13ਵੇਂ ਓਵਰ ਵਿੱਚ ਤਿੰਨ ਵਿਕਟਾਂ ’ਤੇ 110 ਦੌੜਾਂ ਬਣਾ ਕੇ ਚੰਗੀ ਸਥਿਤੀ ਵਿੱਚ ਸੀ, ਪਰ ਖਲੀਲ ਅਹਿਮਦ (30 ਦੌੜਾਂ ਦੇ ਕੇ ਤਿੰਨ ਵਿਕਟਾਂ), ਭੁਵਨੇਸ਼ਵਰ ਕੁਮਾਰ (33 ਦੌੜਾਂ ਦੇ ਕੇ ਦੋ ਵਿਕਟਾਂ) ਅਤੇ ਰਾਸ਼ਿਦ ਖ਼ਾਨ (22 ਦੌੜਾਂ ਦੇ ਕੇ ਇੱਕ ਵਿਕਟ) ਦੀ ਧਾਰਦਾਰ ਗੇਂਦਬਾਜ਼ੀ ਸਾਹਮਣੇ ਆਖ਼ਰੀ ਸੱਤ ਓਵਰਾਂ ਵਿੱਚ 45 ਦੌੜਾਂ ਹੀ ਬਣਾ ਸਕੀ। ਦਿੱਲੀ ਵੱਲੋਂ ਕਪਤਾਨ ਸ਼੍ਰੇਅਸ ਅਈਅਰ ਨੇ ਸਭ ਤੋਂ ਵੱਧ 45 ਦੌੜਾਂ ਬਣਾਈਆਂ, ਜਦਕਿ ਕੋਲਿਨ ਮੁਨਰੋ ਨੇ 40 ਦਾ ਯੋਗਦਾਨ ਪਾਇਆ। ਰਿਸ਼ਭ ਪੰਤ ਨੇ ਵੀ 23 ਦੌੜਾਂ ਬਣਾਈਆਂ। ਸੱਟ ਠੀਕ ਹੋਣ ਮਗਰੋਂ ਵਾਪਸੀ ਕਰਦਿਆਂ ਸੈਸ਼ਨ ਵਿੱਚ ਪਹਿਲਾ ਮੈਚ ਖੇਡ ਰਹੇ ਸਨਰਾਈਜ਼ਰਜ਼ ਹੈਦਰਾਬਾਦ ਦੇ ਕਪਤਾਨ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕੀਤਾ। ਇਸ ਮਗਰੋਂ ਖ਼ਲੀਲ ਨੇ ਦੋਵਾਂ ਸਲਾਮੀ ਬੱਲੇਬਾਜ਼ਾਂ ਪ੍ਰਿਥਵੀ ਸ਼ਾਅ (ਚਾਰ ਦੌੜਾਂ) ਅਤੇ ਸ਼ਿਖਰ ਧਵਨ (ਸੱਤ) ਨੂੰ ਚੌਥੇ ਓਵਰ ਤੱਕ ਬਾਹਰ ਦਾ ਰਸਤਾ ਵਿਖਾਇਆ। ਇਸ ਦੌਰਾਨ ਕੋਲਿਨ ਮੁਨਰੋ ਨੇ ਹਮਲਾਵਰ ਬੱਲੇਬਾਜ਼ੀ ਕੀਤੀ। ਕੀਮੋ ਪਾਲ (ਸੱਤ ਦੌੜਾਂ) ਨੇ ਆਖ਼ਰੀ ਓਵਰ ਵਿੱਚ ਭੁਵਨੇਸ਼ਵਰ ਕੁਮਾਰ ਨੂੰ ਛੱਕਾ ਮਾਰ ਕੇ ਟੀਮ ਦਾ ਸਕੋਰ 150 ਤੋਂ ਪਾਰ ਪਹੁੰਚਾਇਆ। –