ਬਰੇਲੀ: ਉੱਤਰ ਪ੍ਰਦੇਸ਼ ਦੇ ਬਰੇਲੀ ਵਿੱਚ ਬਾਲੀਵੁੱਡ ਅਦਾਕਾਰਾ ਦਿਸ਼ਾ ਪਟਾਨੀ ਦੇ ਘਰ ‘ਤੇ ਗੋਲੀਬਾਰੀ ਹੋਈ ਹੈ। ਦੋ ਮੋਟਰਸਾਈਕਲ ਸਵਾਰ ਨਕਾਬਪੋਸ਼ ਬਦਮਾਸ਼ਾਂ ਨੇ ਲਗਾਤਾਰ ਦੋ ਰਾਊਂਡ ਗੋਲੀਆਂ ਚਲਾਈਆਂ ਅਤੇ ਫਿਰ ਫਰਾਰ ਹੋ ਗਏ।

ਗੋਲੀਬਾਰੀ ਦੇ ਸਮੇਂ ਘਰ ਵਿੱਚ ਦਿਸ਼ਾ ਦੀ ਭੈਣ ਅਤੇ ਸਾਬਕਾ ਫੌਜੀ ਅਫਸਰ ਖੁਸ਼ਬੂ ਪਟਾਨੀ, ਪਿਤਾ ਸੇਵਾਮੁਕਤ ਡੀਐਸਪੀ ਜਗਦੀਸ਼ ਪਟਾਨੀ ਅਤੇ ਮਾਤਾ ਪਦਮਾ ਪਟਾਨੀ ਮੌਜੂਦ ਸਨ। ਗੋਲੀਆਂ ਦੀ ਅਵਾਜ਼ ਸੁਣ ਕੇ ਸਾਰੇ ਸਹਿਮ ਗਏ। ਦਿਸ਼ਾ ਪਟਾਨੀ ਉਸ ਸਮੇਂ ਮੁੰਬਈ ਵਿੱਚ ਸੀ।

ਉਹਨਾਂ ਨੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ। ਪੁਲਿਸ ਨੇ ਘਰ ਦੇ ਬਾਹਰੋਂ ਦੋ ਖਾਲੀ ਕਾਰਤੂਸ ਬਰਾਮਦ ਕੀਤੇ ਹਨ। ਘਰ ਦੇ ਬਾਹਰ ਸੁਰੱਖਿਆ ਬਲ ਤਾਇਨਾਤ ਕਰ ਦਿੱਤੇ ਗਏ ਹਨ।

ਗੋਲੀਬਾਰੀ ਦੀ ਜ਼ਿੰਮੇਵਾਰੀ ਰੋਹਿਤ ਗੋਦਾਰਾ ਅਤੇ ਗੋਲਡੀ ਬਰਾੜ ਗੈਂਗ ਨੇ ਲਈ ਹੈ। ਦੋਵੇਂ ਗੈਂਗਸਟਰ ਲਾਰੈਂਸ ਬਿਸ਼ਨੋਈ ਲਈ ਕੰਮ ਕਰਦੇ ਹਨ। ਫੇਸਬੁੱਕ ਪੋਸਟ ਵਿੱਚ ਲਿਖਿਆ ਗਿਆ ਹੈ ਕਿ ਸੰਤ ਪ੍ਰੇਮਾਨੰਦ ਮਹਾਰਾਜ ਅਤੇ ਕਥਾਵਾਚਕ ਅਨਿਰੁੱਧਾਚਾਰੀਆ ਮਹਾਰਾਜ ‘ਤੇ ਟਿੱਪਣੀਆਂ ਕਾਰਨ ਨਾਰਾਜ਼ਗੀ ਵਿੱਚ ਇਹ ਗੋਲੀਬਾਰੀ ਕੀਤੀ ਗਈ। ਇਹ ਸਿਰਫ਼ ਇੱਕ ਟ੍ਰੇਲਰ ਹੈ। ਅਗਲੀ ਵਾਰ ਅਜਿਹੀ ਹਰਕਤ ਦੁਹਰਾਈ ਗਈ ਤਾਂ ਕਿਸੇ ਨੂੰ ਜਿਉਂਦਾ ਨਹੀਂ ਛੱਡਿਆ ਜਾਵੇਗਾ।

ਬਰੇਲੀ ਦੇ SSP ਨੇ ਦੱਸਿਆ ਕਿ ਗੋਲੀਬਾਰੀ ਸ਼ੁੱਕਰਵਾਰ ਸਵੇਰੇ ਲਗਭਗ 3 ਵਜੇ ਹੋਈ। ਜਾਂਚ ਕ੍ਰਾਈਮ ਬ੍ਰਾਂਚ ਨੂੰ ਸੌਂਪੀ ਗਈ ਹੈ। ਆਸਪਾਸ ਦੇ CCTV ਫੁਟੇਜ ਦੀ ਜਾਂਚ ਕੀਤੀ ਗਈ, ਜਿਸ ਵਿੱਚ ਦੋ ਸ਼ੱਕੀ ਹਮਲਾਵਰ ਮੋਟਰਸਾਈਕਲ ‘ਤੇ ਜਾਂਦੇ ਦਿਖਾਈ ਦਿੱਤੇ ਹਨ। ਪੁਲਿਸ ਨੇ ਗੈਂਗਸਟਰ ਗੋਲਡੀ ਬਰਾੜ ਅਤੇ ਉਸਦੇ ਨੈੱਟਵਰਕ ਨੂੰ ਲੈ ਕੇ ਅਲਰਟ ਜਾਰੀ ਕਰ ਦਿੱਤਾ ਹੈ।