ਦੁਨੀਆਂ ਅੰਦਰ ਆਪਣੇ ਨਿਵੇਕਲੇ ਸੇਵਾ ਕਾਰਜਾਂ ਕਾਰਨ ਜਾਣੇ ਜਾਂਦੇ ਦੁਬਈ ਦੇ ਉੱਘੇ ਕਾਰੋਬਾਰੀ ਅਤੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਸਰਪ੍ਰਸਤ ਡਾ.ਐਸ.ਪੀ.ਸਿੰਘ ਓਬਰਾਏ ਦੇ ਯਤਨਾਂ ਸਦਕਾ ਬੀਤੀ ਰਾਤ ਮਜੀਠਾ ਨੇੜਲੇ ਪਿੰਡ ਸ਼ਾਮ ਨਗਰ ਦੇ 22 ਸਾਲਾ ਪਲਵਿੰਦਰ ਸਿੰਘ ਪੁੱਤਰ ਰਜਿੰਦਰ ਸਿੰਘ ਦਾ ਮ੍ਰਿਤਕ ਦੇਹ ਦੁਬਈ ਤੋਂ ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡਾ ਅੰਮ੍ਰਿਤਸਰ ਵਿਖੇ ਪਹੁੰਚੀ।
ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਡਾ.ਐੱਸ.ਪੀ. ਸਿੰਘ ਓਬਰਾਏ ਨੇ ਦੱਸਿਆ ਕਿ ਪਲਵਿੰਦਰ ਸਿੰਘ ਵੀ ਹੋਰਨਾਂ ਨੌਜਵਾਨਾਂ ਵਾਂਗ ਕੇਵਲ ਦੋ ਮਹੀਨੇ ਪਹਿਲਾਂ ਹੀ ਆਪਣੇ ਬਿਹਤਰ ਭਵਿੱਖ ਦੇ ਸੁਪਨੇ ਲੈ ਕੇ ਦੁਬਈ ਆਇਆ ਸੀ। ਜਿਸ ਦੀ ਬੀਤੀ 24 ਅਗਸਤ ਨੂੰ ਦਿਲ ਦਾ ਦੌਰਾ ਪੈਣ ਕਾਰਨ ਉਸ ਦੀ ਮੌਤ ਹੋ ਗਈ ਸੀ। ਡਾ.ਓਬਰਾਏ ਨੇ ਦੱਸਿਆ ਕਿ ਇਸ ਮੰਦਭਾਗੀ ਘਟਨਾ ਸਬੰਧੀ ਉਨਾਂ ਨੂੰ ਭਾਰਤੀ ਦੂਤਾਵਾਸ ਵੱਲੋਂ ਜਾਣਕਾਰੀ ਦਿੱਤੀ ਗਈ ਸੀ। ਜਿਸ ਉਪਰੰਤ ਉਨ੍ਹਾਂ ਆਪਣੀ ਅੰਮ੍ਰਿਤਸਰ ਟੀਮ ਨੂੰ ਪੀੜਤ ਪਰਿਵਾਰ ਕੋਲ ਭੇਜ ਕੇ ਉਨ੍ਹਾਂ ਨੂੰ ਮ੍ਰਿਤਕ ਦੇਹ ਭਾਰਤ ਲੈ ਕੇ ਆਉਣ ਵਿੱਚ ਆ ਰਹੀਆਂ ਦਿੱਕਤਾਂ ਬਾਰੇ ਜਾਣਕਾਰੀ ਲੈਣ ਉਪਰੰਤ ਆਪਣੀ ਦੁਬਈ ਵਿਚਲੀ ਟੀਮ ਰਾਹੀਂ ਅਤੇ ਦੁਬਈ ਸਥਿਤ ਭਾਰਤੀ ਦੂਤਾਵਾਸ ਦੇ ਸਹਿਯੋਗ ਨਾਲ ਤੁਰੰਤ ਸਾਰੀ ਲੋੜੀਂਦੀ ਕਾਗਜ਼ੀ ਕਾਰਵਾਈ ਮੁਕੰਮਲ ਕਰਵਾ ਕੇ ਪਲਵਿੰਦਰ ਸਿੰਘ ਦਾ ਦਾ ਮ੍ਰਿਤਕ ਸਰੀਰ ਭਾਰਤ ਭੇਜਿਆ ਹੈ। ਉਨ੍ਹਾਂ ਦੱਸਿਆ ਕਿ ਮ੍ਰਿਤਕ ਸਰੀਰ ਭਾਰਤ ਭੇਜਣ ਲਈ ਆਇਆ ਖਰਚ ਪਲਵਿੰਦਰ ਦੀ ਕੰਮ ਵਾਲੀ ਕੰਪਨੀ ਵੱਲੋਂ ਕੀਤਾ ਗਿਆ ਹੈ ।
ਪਲਵਿੰਦਰ ਸਿੰਘ ਦਾ ਮ੍ਰਿਤਕ ਸਰੀਰ ਲੈਣ ਪਹੁੰਚੇ ਉਸ ਦੇ ਚਾਚੇ ਸਾਹਿਲ ਮੱਟੂ ਤੋਂ ਇਲਾਵਾ ਹਮਜ਼ਾ ਦੇ ਸਰਪੰਚ ਧਰਮਵੀਰ ਭੱਟੀ, ਪਲਵਿੰਦਰ ਦੀ ਮ੍ਰਿਤਕ ਦੇ ਨਾਲ ਦੁਬਈ ਤੋਂ ਆਏ ਉਸ ਦੇ ਰਿਸ਼ਤੇਦਾਰ ਸ਼ਿਪਨ,ਰਵੀਸ਼ੇਰ ਸਿੰਘ,ਹਰਪ੍ਰੀਤ ਸਿੰਘ ਅਤੇ ਨਵਦੀਪ ਸਿੰਘ ਆਦਿ ਨੇ ਭਾਵੁਕ ਹੁੰਦਿਆਂ ਦੱਸਿਆ ਕਿ ਪਲਵਿੰਦਰ ਸਿੰਘ ਆਪਣੇ ਘਰ ਦੀ ਗੁਰਬਤ ਨੂੰ ਦੂਰ ਕਰਨ ਲਈ ਦੁਬਈ ਗਿਆ ਸੀ ਕਿ ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਕੁਝ ਦਿਨ ਪਹਿਲਾਂ ਉਸ ਦੀ ਮੌਤ ਹੋ ਗਈ ਸੀ । ਪਲਵਿੰਦਰ ਦੇ ਪਰਿਵਾਰਕ ਮੈਂਬਰਾਂ ਨੇ ਡਾ.ਐੱਸ.ਪੀ.ਸਿੰਘ ਓਬਰਾਏ ਦਾ ਇਸ ਔਖੇ ਘੜੀ ਵੇਲੇ ਉਨ੍ਹਾਂ ਦੀ ਵੱਡੀ ਮਦਦ ਕਰਨ ਲਈ ਉਨ੍ਹਾਂ ਦਾ ਸ਼ੁਕਰਾਨਾ ਕਰਦਿਆਂ ਕਿਹਾ ਕਿ ਉਹ ਉਨ੍ਹਾਂ ਦੇ ਇਸ ਪਰਉਪਕਾਰ ਨੂੰ ਹਮੇਸ਼ਾ ਯਾਦ ਰੱਖਣਗੇ। ਇੱਥੇ ਇਹ ਵੀ ਦੱਸਣਯੋਗ ਹੈ ਕਿ ਪੰਜਾਬ ਦੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਵੱਲੋਂ ਵੀ ਟੈਲੀਫੋਨ ਰਾਹੀਂ ਡਾ.ਐਸ.ਪੀ. ਸਿੰਘ ਓਬਰਾਏ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਗਿਆ ਹੈ।